ਨਿੱਜੀ ਪੱਤਰ ਪ੍ਰੇਰਕ
ਮੋਗਾ, 10 ਨਵੰਬਰ
ਪੀਜੀਆਈ ਚੰਡੀਗੜ੍ਹ ਕਮਿਊਨਿਟੀ ਮੈਡੀਸੀਨ ਵਿਭਾਗ ਦੇ ਸਕੂਲ ਆਫ ਪਬਲਿਕ ਹੈਲਥ ਵੱਲੋਂ ਤਿਆਰ ਕੀਤੀ ਗਈ ‘ਟਰਾਂਸਫੈਟ ਫ੍ਰੀ’ ਦੀਵਾਲੀ ਮੁਹਿੰਮ ਤਹਿਤ ਸਿਹਤ ਵਿਭਾਗ ਟਰਾਂਸਫੈਟ ਦੀ ਵੱਧ ਮਾਤਰਾ ਵਾਲੇ ਖਾਣੇ ਨੂੰ ਛੱਡਣ ਦਾ ਹੋਕਾ ਦੇ ਰਿਹਾ ਹੈ। ਸਿਵਲ ਸਰਜਨ ਡਾ. ਅਮਰਪਰੀਤ ਕੌਰ ਬਾਜਵਾ ਨੇ ਲੋਕਾਂ ਨੂੰ ਮੁਹਿੰਮ ’ਚ ਸਹਿਯੋਗ ਦਾ ਸੱਦਾ ਦਿੰਦਿਆਂ ਆਖਿਆ ਕਿ ਸੂਬੇ ਵਿੱਚ ਬਲੱਡ ਪ੍ਰੈਸ਼ਰ, ਹਾਈ ਕੋਲੇਸਟਰੋਲ ਅਤੇ ਬਲੱਡ ਸ਼ੂਗਰ ਦੇ ਮਾਮਲੇ ਜ਼ਿਆਦਾ ਹਨ। ਇਸ ਲਈ ਟਰਾਂਸਫੈਟੀ ਐਸਿਡ ਦੀ ਵਰਤੋਂ ਘੱਟ ਕਰਨ ਅਤੇ ਸਿਹਤ ਤੇ ਇਸ ਦੇ ਮਾੜੇ ਪ੍ਰਭਾਵਾਂ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਟਰਾਂਸਫੈਟ ਦੀ ਵੱਧ ਮਾਤਰਾ ਵਾਲੇ ਖਾਣੇ ਨੂੰ ਛੱਡ ਕੇ ਦੀਵਾਲੀ ਨੂੰ ਸਿਹਤਮੰਦ ਤੇ ਸੁਰੱਖਿਅਤ ਬਣਾਉਣਾ ਚਾਹੀਦਾ ਹੈ। ਮਠਿਆਈਆਂ, ਤਲੇ ਖਾਣੇ ਦੇ ਰੂਪ ਵਿੱਚ ਲੋਕਾਂ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਵੀ ਵਧਾ ਦਿੰਦਾ ਹੈ, ਜਿਸ ਦੇ ਫਲਸਰੂਪ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਕਰਿਸ਼ਨਾ ਸ਼ਰਮਾ ਤੇ ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਅਮ੍ਰਿਤ ਸ਼ਰਮਾ ਜੈਤੋ ਨੇ ਕਿਹਾ ਕਿ ਵਿਭਾਗ ਵੱਲੋਂ ਬਲਾਕ ਪੱਧਰ ’ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।