ਜਸਵੰਤ ਜੱਸ
ਫ਼ਰੀਦਕੋਟ, 27 ਸਤੰਬਰ
ਬਾਬਾ ਫ਼ਰੀਦ ਸੁਸਾਇਟੀ ਵੱਲੋਂ ਇੱਥੇ ਟਿੱਲਾ ਬਾਬਾ ਫ਼ਰੀਦ ਵਿਚ ਕਰਵਾਏ ਸਮਾਗਮ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਕੌਮੀ ਐਵਾਰਡ ਜਿੱਤਣ ਵਾਲੇ ਪਿੰਡ ਵਾੜਾ ਭਾਈਕਾ ਸਕੂਲ ਦੇ ਅਧਿਆਪਕ ਰਜਿੰਦਰ ਕੁਮਾਰ ਅਤੇ ਫ਼ਰੀਦਕੋਟ ਦੇ ਵਸਨੀਕ ਕਲਾਕਾਰ ਬੂਟਾ ਗੱਪੀ ਨੂੰ ‘ਫ਼ਖ਼ਰ-ਏ-ਫ਼ਰੀਦਕੋਟ’ ਐਵਾਰਡ ਨਾਲ ਸਨਮਾਨਤ ਕੀਤਾ ਹੈ।
ਸੰਸਥਾ ਦੇ ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਨੇ ਕਿਹਾ ਕਿ ਰਜਿੰਦਰ ਸਿੰਘ ਪੰਜਾਬ ’ਚੋਂ ਇਕਲੌਤੇ ਅਧਿਆਪਕ ਹਨ, ਜਿਨ੍ਹਾਂ ਨੂੰ ਇਸ ਵਾਰ ਸਿੱਖਿਆ ਦੇ ਖੇਤਰ ਵਿਚ ਕੌਮੀ ਐਵਾਰਡ ਮਿਲਿਆ ਹੈ। ਇਸੇ ਤਰ੍ਹਾਂ ਕਲਾਕਾਰ ਬੂਟਾ ਗੱਪੀ ਸੇਵਾਮੁਕਤੀ ਤੋਂ ਬਾਅਦ ਪਿਛਲੇ 13 ਸਾਲਾਂ ਤੋਂ ਇੱਥੋਂ ਦੇ ਰਾਮ ਬਾਗ਼ ਵਿਚ ਮੁਫਤ ਸੇਵਾ ਕਰ ਰਿਹਾ ਹੈ ਅਤੇ ਉਸ ਨੇ ਸ਼ਹਿਰ ਅਤੇ ਆਸ ਪਾਸ ਦੇ ਚੌਗਿਰਦੇ ਨੂੰ ਸਾਂਭਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਸ ਸਮਾਗਮ ਵਿਚ ਫ਼ਰੀਦਕੋਟ ਰੇਂਜ ਦੇ ਆਈ.ਜੀ. ਕੁਸਤਬ ਸ਼ਰਮਾ, ਸੁਤੰਤਰਤਾ ਸੰਗਰਾਮੀ ਅਮਰ ਸਿੰਘ ਸੁਖੀਜਾ, ਸਾਬਕਾ ਜ਼ਿਲ੍ਹਾ ਜੱਜ ਜਤਿੰਦਰ ਪਾਲ ਸਿੰਘ, ਬਾਬਾ ਫ਼ਰੀਦ ਸੇਵਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਅਤੇ ਸੁਰਿੰਦਰ ਸਿੰਘ ਰੋਮਾਣਾ ਹਾਜ਼ਰ ਹੋਏ।