ਨਿਰੰਜਣ ਬੋਹਾ
ਬੋਹਾ, 6 ਅਪਰੈਲ
ਮਜ਼ਦੂਰ ਮੁਕਤੀ ਮੋਰਚਾ ਵੱਲੋਂ ਬੋਹਾ ਖੇਤਰ ਵਿਚ ਸਸਤੀ ਕਣਕ ਵਾਲੇ ਕਾਰਡ ਕੱਟੇ ਜਾਣ ਦੇ ਰੋਸ ਵਜੋਂ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਕਾਮਰੇਡ ਜਗਤਾਰ ਸਿੰਘ ਅਤੇ ਮੱਖਣ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਵਿੱਚ ਰਾਜ ਕਰ ਰਹੀ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸਸਤੀ ਕਣਕ ਦੇ ਨਾਲ ਨਾਲ ਖੰਡ ਚਾਹ ਪੱਤੀ ਅਤੇ ਹੋਰ ਸਾਮਾਨ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਸੰਭਾਲਦਿਆਂ ਹੀ ਸਰਕਾਰ ਨੇ ਗ਼ਰੀਬ ਲੋਕਾਂ ਨਾਲ ਭੱਦਾ ਮਜ਼ਾਕ ਕਰਦਿਆਂ ਵੱਡੀ ਗਿਣਤੀ ਵਿਚ ਨੀਲੇ ਕਾਰਡ ਕੱਟ ਕੇ ਲੋਕਾਂ ਨੂੰ ਸਸਤਾ ਅਨਾਜ ਮਿਲਣ ਤੋਂ ਵਾਂਝੇ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਪਿੰਡ ਹਾਕਮਵਾਲਾ ਭੀਮੜਾ ਗੰਢੂ ਕਲਾਂ ਸੇਰਖਾਂ ਮੰਘਾਂਣੀਆ ਆਦਿ ਪਿੰਡਾਂ ਵਿੱਚ ਕਈ ਲੋੜਵੰਦਾਂ ਦੇ ਕਾਰਡ ਕੱਟੇ ਗਏ ਹਨ। ਇਸ ਮੌਕੇ ਲੋਕਾਂ ਨੇ ਕਿਹਾ ਕਿ ਕਿ ਜੇ ਜਲਦੀ ਨਿਰਪੱਖ ਢੰਗ ਨਾਲ ਜਾਂਚ ਕਰ ਕੇ ਕੱਟੇ ਗਏ ਕਾਰਡ ਬਹਾਲ ਨਾ ਕੀਤੇ ਗਏ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ।