ਪਰਮਜੀਤ ਸਿੰਘ
ਫਾਜ਼ਿਲਕਾ, 28 ਅਕਤੂਬਰ
ਇੱਥੇ ਡੀਸੀ ਦਫ਼ਤਰ ਅੱਗੇ ਅੱਜ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਰੋਸ ਰੈਲੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਬੱਤੀਆਂ ਵਾਲਾ ਚੌਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਰੈਲੀ ਦੀ ਪ੍ਰਧਾਨਗੀ ਸਾਥੀ ਹਰਭਜਨ ਸਿੰਘ ਖੁੰਗਰ ਕਨਵੀਨਰ, ਬੂਟਾ ਸਿੰਘ ਬਰਾੜ ਕਨਵੀਨਰ ਅਤੇ ਕੁਲਬੀਰ ਸਿੰਘ ਢਾਬਾਂ ਨੇ ਕੀਤੀ। ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੂਬਾਈ ਸੱਦੇ ’ਤੇ ਮੁੱਖ ਮੰਗਾਂ 15 ਫ਼ੀਸਦੀ ਡੀਏ ਰਿਲੀਜ਼ ਕਰਨ, ਪੈਨਸ਼ਨਰਾਂ ’ਤੇ ਛੇਵੇਂ ਤਨਖਾਹ ਕਮਿਸ਼ਨ ਦੀਆ ਸ਼ਿਫਾਰਸ਼ਾਂ ਅਨੁਸਾਰ 2.59 ਗੁਣਾਂਕ ਲਾਗੂ ਕਰਨ, ਤਨਖਾਹ ਕਮਿਸ਼ਨ ਦਾ 66 ਮਹੀਨਿਆਂ ਦਾ ਪੇਅ ਰਵੀਜਨ ਏਰੀਅਰ ਰਿਲੀਜ਼ ਕਰਨ, ਬੱਝਵਾਂ ਮੈਡੀਕਲ ਭੱਤਾ 3000 ਰੁਪਏ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਪ੍ਰੋਬੇਸ਼ਨ ਪੀਰੀਅਡ ਵਿਚ ਪੂਰੀ ਤਨਖਾਹ ਦੇਣ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ। ਰੈਲੀ ਨੂੰ ਸਾਥੀ ਟਹਿਲ ਸਿੰਘ, ਪ੍ਰੇਮ ਕੁਮਾਰ, ਰਾਮਕਿਸ਼ਨ ਧੁਨਕੀਆ, ਸੁਰਿੰਦਰ ਪਾਲ ਮਦਾਨ, ਕੁਲਵੰਤ ਰਾਏ ਗਾਬਾ, ਸੁਖਦੇਵ ਚੰਦ ਕੰਬੋਜ, ਜ਼ਿਲ੍ਹਾ ਜਨਰਲ ਸਕੱਤਰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਫਾਜ਼ਿਲਕਾ ਤੇ ਨਿਰਮਲਜੀਤ ਸਿੰਘ ਬਰਾੜ ਨੇ ਸੰਬੋਧਨ ਕੀਤਾ।