ਪੱਤਰ ਪ੍ਰੇਰਕ
ਮਾਨਸਾ, 9 ਨਵੰਬਰ
ਪੈਨਸ਼ਨਰਜ਼ ਜੁਆਇੰਟ ਫਰੰਟ ਮਾਨਸਾ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਰੈਲੀ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਾਰੀ ਉਮਰ ਇੱਕ ਵਿਭਾਗ ਦੇ ਲੇਖੇ ਲਾਉਣ ਦੇ ਬਾਵਜੂਦ ਪੰਜਾਬ ਸਰਕਾਰ ਬੁਢਾਪੇ ਵੇਲੇ ਉਨ੍ਹਾਂ ਸਾਰ ਨਹੀਂ ਲੈ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਆਗੂ ਲੱਖਾ ਸਿੰਘ ਸਹਾਰਨਾ ਨੇ ਕਿਹਾ ਕਿ 1 ਜਨਵਰੀ, 2016 ਤੋਂ ਪੈਨਸ਼ਨਰਾਂ ਨੂੰ 2.59 ਦੇ ਗੁਣਾਂਕ ਨਾਲ 6ਵੇਂ ਪੇਅ ਕਮਿਸ਼ਨ ਦੀ ਰਿਪੋਰਟ 125 ਫ਼ੀਸਦ ਮੁੱਢਲੀ ਤਨਖਾਹ ਨੂੰ ਆਧਾਰ ਬਣਾ ਕੇ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਅਡੀਸ਼ਨਲ ਪੈਨਸ਼ਨ 65 ਸਾਲ ਤੋਂ 5 ਫ਼ੀਸਦ, 70 ਸਾਲ ਤੋਂ 10 ਫ਼ੀਸਦ, 75 ਸਾਲ ਤੋਂ 15 ਫ਼ੀਸਦ, 80 ਸਾਲ ਤੋਂ 25 ਫ਼ੀਸਦ, 85 ਸਾਲ ਤੋਂ 50 ਫ਼ੀਸਦ ਅਤੇ ਇਸ ਤੋਂ ਵੱਧ ਤੇ 100 ਫ਼ੀਸਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦੇ ਪੈਨਸ਼ਨਰਾਂ ਦਾ ਵੀ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨਾਲ ਹੀ ਛੇਵੇਂ ਪੇਅ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਮੁਹਾਲੀ ਵਿੱਚ ਸੂਬਾ ਪੱਧਰੀ ਰੈਲੀ ਕਰਕੇ ਸੜਕਾਂ ਜਾਮ ਕੀਤੀਆਂ ਜਾਣਗੀਆਂ ਅਤੇ ਚੰਡੀਗੜ੍ਹ ਵੱਲ ਮਾਰਚ ਕੀਤਾ ਜਾਵੇਗਾ। ਇਸ ਮੌਕੇ ਬਿੱਕਰ ਸਿੰਘ ਮਘਾਣੀਆਂ,ਜਗਦੀਸ਼ ਰਾਏ, ਸੋਮ ਦੱਤ ਸ਼ਰਮਾ, ਲੱਖਾ ਸਿੰਘ ਸਹਾਰਨਾ, ਚਰਨਜੀਤ ਸਿੰਘ ਧਲੇਵਾ, ਅਮਰਜੀਤ ਸਿੰਘ, ਅਜੈਬ ਸਿੰਘ ਅਲੀਸ਼ੇਰ, ਮਨਿੰਦਰ ਸਿੰਘ ਅਤੇ ਹਰਦਮ ਸਿੰਘ ਨੇ ਵੀ ਸੰਬੋਧਨ ਕੀਤਾ।
ਪੈਨਸ਼ਨਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਬਰਨਾਲਾ (ਖੇਤਰੀ ਪ੍ਰਤੀਨਿਧ): ਪਾਵਰਕੌਮ ਦੇ ਪੈਨਸ਼ਨਰ ਐਸੋਸੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਦੀ ਸਾਂਝੀ ਮੀਟਿੰਗ ਰਣਜੀਤ ਸਿੰਘ ਜੋਧਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਦਫਤਰ ਵਿੱਚ ਹੋਈ। ਇਸ ਮੌਕੇ ਵਿਛੜ ਗਏ ਸਾਥੀਆਂ ਅਤੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਹਰਨੇਕ ਸਿੰਘ ਸੰਘੇੜਾ ਅਤੇ ਸੁਖਜੰਟ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਹੱਲੇ ਖਿਲਾਫ ਚੱਲ ਰਹੇ ਸੰਘਰਸ਼ ਦੀ ਅਗਲੀ ਕੜੀ ਵਜੋਂ ਵਿੱਤ ਮੰਤਰੀ ਮਨਪੀਤ ਬਾਦਲ ਦੇ ਹਲਕਾ ਬਠਿੰਡਾ ਵਿੱਚ 13 ਨਵੰਬਰ ਵਿੱਚ ਕੀਤੇ ਜਾ ਰਹੇ ਮਾਰਚ ਵਿੱਚ ਬੱਝਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸਕੱਤਰ ਸ਼ਿੰਦਰ ਧੌਲਾ, ਨਰਾਇਣ ਦੱਤ, ਮੇਲਾ ਸਿੰਘ ਕੱਟੂ, ਸਾਧੂ ਸਿੰਘ, ਹਰਜੀਤ ਸਿੰਘ ਹਾਜ਼ਰ ਸਨ।