ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਜੂਨ
ਨੇੜਲੇ ਪਿੰਡ ਥਾਂਦੇਵਾਲਾ ‘ਚ ਆਟਾ ਦਾਲ ਸਕੀਮ ਵਾਲੇ 200 ਦੇ ਕਰੀਬ ਕਾਰਡ ਕੱਟੇ ਗਏ ਹਨ, ਜਿਸ ਕਾਰਨ ਲੋਕਾਂ ਨੇ ਰੋਸ ਰੈਲੀ ਕਰਕੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜਸਵਿੰਦਰ ਸਿੰਘ ਸੰਗੂਧੌਣ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ ਸਗੋਂ ਗਰੀਬਾਂ ਦੇ ਕਾਰਡ ਵੀ ਕੱਟ ਦਿੱਤੇ, ਜਿਸ ਕਾਰਨ ਗ਼ਰੀਬ ਪਰਿਵਾਰ ਰਾਸ਼ਨ ਤੋਂ ਵਾਂਝੇ ਰਹਿ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਘਰ-ਘਰ ਸਰਕਾਰੀ ਨੌਕਰੀ ਦੇਣ, ਮੋਬਾਈਲ ਦੇਣ, ਨਸ਼ੇ ਖ਼ਤਮ ਕਰਨ ਤੋਂ ਇਲਾਵਾ ਅਨੇਕਾਂ ਵਾਅਦੇ ਕੀਤੇ ਸਨ ਪਰ ਇਕ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਾਰਨ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਸਰਕਾਰ ’ਤੇ ਰਾਸ਼ਨ ਦੀ ਕਾਣੀ ਵੰਡ ਦਾ ਦੋਸ਼ ਵੀ ਲਾਇਆ ਗਿਆ। ਬੁਲਾਰਿਆਂ ਨੇ ਪਿੰਡ ਜੈ ਸਿੰਘ ਵਾਲਾ ‘ਚ ਕਾਂਗਰਸੀ ਸ਼ਹਿ ਪ੍ਰਾਪਤ ਜਗੀਰਦਾਰਾਂ ਵੱਲੋਂ ਸੀਰੀ ਕਤਲ ਕਾਂਡ ਅਤੇ ਪਿੰਡ ਧੂਲਕੋਟ ‘ਚ ਦਲਿਤ ਪਰਿਵਾਰ ਦਾ ਧਨਾਢ ਵਿਅਕਤੀਆਂ ਵੱਲੋਂ ਘਰ ਢਾਹੁਣ ਦੀ ਕਾਰਵਾਈ ਦੀ ਨਿਖੇਧੀ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਕੱਟੇ ਗਏ ਰਾਸ਼ਨ ਕਾਰਡ ਬਹਾਲ ਕੀਤੇ ਜਾਣ, ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੀ ਜਾਵੇ, ਗਰੀਬਾਂ ‘ਤੇ ਜ਼ੁਲਮ ਢਾਹੁਣ ਵਾਲੇ ਧਨਾਢਾਂ ਖ਼ਿਲਾਫ਼ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।