ਸੁੰਦਰ ਨਾਥ ਆਰੀਆ
ਅਬੋਹਰ, 14 ਮਈ
ਰਾਮਸਰਾ ਮਾਈਨਰ ਵਿੱਚ ਕਰੀਬ 100 ਫੁੱਟ ਦਾ ਪਾੜ ਪੈਣ ਕਾਰਨ ਕਰੀਬ ਖੇਤਾਂ ਅਤੇ ਬਾਗਾਂ ਵਿੱਚ ਪਾਣੀ ਭਰ ਗਿਆ। ਪਾਣੀ ਭਰਨ ਨਾਲ ਫਸਲਾਂ ਦੇ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ।
ਪਿੰਡ ਝੋਰੜਖੇੜਾ ਦੇ ਸਰਪੰਚ ਸੁਭਾਸ਼ ਚੰਦਰ ਨੇ ਦੱਸਿਆ ਕਿ ਰਾਮਸਰਾ ਮਾਈਨਰ ਵੀਰਵਾਰ ਦੇਰ ਰਾਤ ਟੁੱਟ ਗਈ ਸੀ। ਪਾਣੀ ਦਾ ਵਹਾਅ ਵੱਧ ਹੋਣ ਕਾਰਨ ਇਸ ਵਿੱਚ ਸ਼ੁੱਕਰਵਾਰ ਸ਼ਾਮ ਤੱਕ 100 ਫੁੱਟ ਦਾ ਪਾੜ ਪੈ ਗਿਆ। ਇਸ ਕਾਰਨ ਆਲੇ-ਦੁਆਲੇ ਦੇ 200 ਏਕੜ ਖੇਤਾਂ ਅਤੇ ਬਾਗਾਂ ਵਿੱਚ ਪਾਣੀ ਭਰ ਗਿਆ। ਨਹਿਰੀ ਵਿਭਾਗ ਵੱਲੋਂ ਦੇਰ ਸ਼ਾਮ ਤੱਕ ਪਾੜ ਬੰਨ੍ਹਣ ਦਾ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਨਾਲ ਹੁਣ ਜਿਨ੍ਹਾਂ ਕਿਸਾਨਾਂ ਦੀ ਪਾਣੀ ਦੀ ਵਾਰੀ ਕਾਫੀ ਸਮੇਂ ਬਾਅਦ ਲੱਗਣੀ ਸੀ ਉਹ ਨਹੀਂ ਲੱਗ ਸਕੇਗੀ। ਸਾਬਕਾ ਸਰਪੰਚ ਬੂਟਾ ਭਰਤ ਸ਼ੇਰਗੜ੍ਹ, ਰਾਣਾ ਸਿੰਘ ਅਤੇ ਵਿਸ਼ਾਲ ਕੁਮਾਰ ਆਦਿ ਦੇ ਬਾਗ ਪਾਣੀ ਵਿੱਚ ਡੁੱਬ ਗਏ।