ਜੋਗਿੰਦਰ ਸਿੰਘ ਮਾਨ
ਮਾਨਸਾ, 28 ਜੁਲਾਈ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਮਾਲਵਾ ਖੇਤਰ ਦੇ ਕੁਝ ਸਿਆਸੀ ਪਰਿਵਾਰਾਂ ਨੂੰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਈ ਅਕਾਲੀ ਦਲ (ਡੈਮੋਕਰੈਟਿਕ) ਨਾਲ ਜੋੜਨ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਉਨ੍ਹਾਂ ਮਾਨਸਾ ਇਲਾਕੇ ਦੇ ਪਿੰਡ ਸਮਾਓ, ਅਕਲੀਆ, ਪੱਖੋਂ,ਰੱਲਾ, ਠੂਠਿਆਂਵਾਲੀ ਸਮੇਤ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਦੌਰੇ ਕਰਕੇ ਲੋਕਾਂ ਨੂੰ ਰਾਜਨੀਤਕ ਤੌਰ ’ਤੇ ਤਕੜੇ ਹੋਣ ਦੀ ਥਾਪੀ ਦਿੱਤੀ ਹੈ। ਸ੍ਰੀ ਰਾਮੂਵਾਲੀਆ ਨੇ ਦੱਸਿਆ ਕਿ ਉਹ ਸਮਾਓ ਪਿੰਡ ਵਿੱਚ ਨਕਸਲਵਾੜੀ ਲਹਿਰ ਦੇ ਆਗੂ ਮਰਹੂਮ ਹਾਕਮ ਸਿੰਘ ਸਮਾਓ ਦੇ ਘਰ ਉਸ ਦੇ ਪਰਿਵਾਰ ਨੂੰ ਮਿਲ ਕੇ ਆਏ ਹਨ। ਭਾਵੇਂ ਇਹ ਪਰਿਵਾਰ ਅੱਜ-ਕੱਲ੍ਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਕੰਮ ਕਰ ਰਿਹਾ ਹੈ, ਪਰ ਰਾਮੂਵਾਲੀਆ ਦੀ ਇਸ ਫੇਰੀ ਨੂੰ ਸਿਆਸੀ ਨਜ਼ਰੀਏ ਤੋਂ ਬੜੀ ਅਹਿਮੀਅਤ ਨਾਲ ਵੇਖਿਆ ਜਾਣ ਲੱਗਾ ਹੈ। ਇਸ ਦੌਰਾਨ ਰਾਮੂਵਾਲੀਆ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਵਾਰ ਮੁੱਖ ਮੰਤਰੀ ਬਣ ਕੇ ਵੀ ਪੰਜਾਬ ਦਾ ਕੁੱਝ ਨਹੀਂ ਸਵਾਰਿਆ।