ਕੁਲਦੀਪ ਸਿੰਘ ਬਰਾੜ
ਮੰਡੀ ਘੁਬਾਇਆ, 27 ਮਾਰਚ
ਹਲਕਾ ਗੁਰੂਹਰਸਹਾਏ ਵਿੱਚੋਂ ਲੰਘ ਰਹੀ ਨਹਿਰ ਨਜ਼ਾਮ ਵਾ ਦਾ ਮਸਲਾ ਪਿਛਲੇ ਕਾਫ਼ੀ ਦਿਨਾਂ ਤੋਂ ਭਖਿਆ ਹੋਇਆ ਹੈ। ਇਸ ਨਹਿਰ ਵਿੱਚੋਂ ਰਾਣਾ ਗੁਰਮੀਤ ਸਿੰਘ ਸੋਢੀ, ‘ਰਾਣਾ ਮਾਈਨਰ’ ਦੇ ਨਾਂ ’ਤੇ ਨਹਿਰ ਕੱਢ ਰਹੇ ਸਨ, ਜਿਸ ਦਾ ਚਾਰ ਤੋਂ ਪੰਜ ਪਿੰਡਾਂ ਨੂੰ ਪਾਣੀ ਦਿੱਤਾ ਜਾਣਾ ਸੀ ਪਰ ਨਜ਼ਾਮ ਵਾ ਨਹਿਰ ਵਿੱਚੋਂ ਇੱਕ ਹੋਰ ਨਹਿਰ ਨਿਕਲਣ ਨਾਲ ਕਈ ਪਿੰਡਾਂ ਦੇ ਕਿਸਾਨਾਂ ਨੂੰ ਪਾਣੀ ਦੀ ਕਿੱਲਤ ਹੋਣੀ ਲਾਜ਼ਮੀ ਸੀ। ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਇਹ ਮੁੱਦਾ ਕਿਸਾਨਾਂ ਨਾਲ ਰਲ ਕੇ ਚੁੱਕਿਆ ਸੀ।
ਇਸ ਸਬੰਧੀ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਅਤੇ ਪੰਜ ਮੈਂਬਰੀ ਕਿਸਾਨਾਂ ਦਾ ਵਫ਼ਦ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਦੀ ਅਗਵਾਈ ਹੇਠ ਮੰਤਰੀ ਸੁੱਖ ਸਰਕਾਰੀਆ ਨੂੰ ਮਿਲਿਆ, ਜਿਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਭ ਤੋਂ ਪਹਿਲਾਂ ਟੇਲਾਂ ’ਤੇ ਪੈਂਦੇ ਕਿਸਾਨਾਂ ਦੀਆਂ ਫ਼ਸਲਾਂ ਤਕ ਪਾਣੀ ਪਹੁੰਚਾਇਆ ਜਾਵੇਗਾ ਤੇ ਉਦੋਂ ਤਕ ਰਾਣਾ ਮਾਈਨਰ ਨੂੰ ਕੰਕਰੀਟ ਨਾਲ ਭਰ ਕੇ ਬੰਦ ਕੀਤਾ ਜਾਵੇਗਾ। ਕਿਸਾਨਾਂ ਦੇ ਨੁਮਾਇੰਦਿਆਂ ਵਜੋਂ ਪਹੁੰਚੇ ਦਾਰਾ ਸਿੰਘ ਬਰਾੜ, ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੰਤਰੀ ਸੁੱਖ ਸਰਕਾਰੀਆ ਨੇ ਭਰੋਸਾ ਦਿਵਾਇਆ ਹੈ ਕਿ ਕਿਸਾਨਾਂ ਨੂੰ ਪਾਣੀ ਨਾਲ ਸਬੰਧਤ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਟੇਲਾਂ ’ਤੇ ਪੈਂਦੇ ਪਿੰਡਾਂ ਨੂੰ ਪਾਣੀ ਪੁੱਜਦਾ ਨਹੀਂ ਕੀਤਾ ਜਾਂਦਾ ਅਤੇ ਇਹ ਨਹਿਰ ਜ਼ਬਰਦਸਤੀ ਕੱਢੀ ਜਾਂਦੀ ਹੈ ਤਾਂ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਜਾਵੇਗਾ। ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਦੱਸਿਆ ਕਿ ਸੁੱਖ ਸਰਕਾਰੀਆ ਵੱਲੋਂ ਦਿੱਤੇ ਭਰੋਸੇ ਮਗਰੋਂ ਇਹ ਧਰਨਾ ਖ਼ਤਮ ਕਰ ਦਿੱਤਾ ਹੈ।