ਰਵਿੰਦਰ ਰਵੀ
ਬਰਨਾਲਾ, 16 ਅਪਰੈਲ
ਨਗਰ ਕੌਂਸਲ ਧਨੌਲਾ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਕਾਂਗਰਸ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਦਖਲ ਤੋਂ ਬਾਅਦ ਖ਼ਤਮ ਹੋ ਗਿਆ। ਅੱਜ ਸਰਬਸੰਮਤੀ ਨਾਲ ਰਣਜੀਤ ਕੌਰ ਸੋਢੀ ਨੂੰ ਪ੍ਰਧਾਨ ਤੇ ਰਜਨੀਸ਼ ਕੁਮਾਰ ਆਲੂ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਧਨੌਲਾ ਨਗਰ ਕੌਂਸਲ ਵਿੱਚ ਮੀਤ ਪ੍ਰਧਾਨ ਤੇ ਪ੍ਰਧਾਨਗੀ ਦੀ ਚੋਣ ਕਰਵਾਉਣ ਲਈ ਚੋਣ ਅਧਿਕਾਰੀ ਐੱਸਡੀਐੱਮ ਵਰਜੀਤ ਸਿੰਘ ਵਾਲੀਆ (ਆਈਏਐਸ) ਪੁਹੰਚੇ ਸਨ। ਧਨੌਲਾ ਦੇ 13 ਕੌਂਸਲਰਾਂ ਵਿੱਚੋਂ 12 ਕੌਂਸਲਰ ਚੋਣ ਵਿਚ ਹਾਜ਼ਰ ਸਨ, ਇੱਕ ਕੌਂਸਲਰ ਕਰੋਨਾ ਕਾਰਨ ਚੋਣ ਵਿੱਚ ਸ਼ਾਮਲ ਨਹੀਂ ਹੋ ਸਕਿਆ। ਨਵੀਂ ਚੁਣੀ ਗਈ ਪ੍ਰਧਾਨ ਤੇ ਮੀਤ ਪ੍ਰਧਾਨ ਦਾ ਮਾਰਕੀਟ ਕਮੇਟੀ ਦੇ ਚੇਅਰਮੈਨ ਜੀਵਨ ਕੁਮਾਰ ਬਾਂਸਲ ਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ। ਇਸ ਚੋਣ ਮੌਕੇ ਨਾਇਬ ਤਹਿਸੀਲਦਾਰ ਆਸ਼ੂ ਪ੍ਰਭਾਸ਼ ਜੋਸ਼ੀ, ਐੱਸਪੀ ਜਗਵਿੰਦਰ ਚੀਮਾ, ਡੀਐੱਸਪੀ ਲਖਵੀਰ ਸਿੰਘ ਟਿਵਾਣਾ, ਡੀਐੱਸਪੀ ਬ੍ਰਿਜ ਮੋਹਨ, ਥਾਣਾ ਧਨੌਲਾ ਮੁਖੀ ਵਿਜੈ ਕੁਮਾਰ, ਸੀਆਈਏ ਇੰਚਾਰਜ ਬਲਜੀਤ ਸਿੰਘ ਤੋਂ ਇਲਾਵਾ ਭਾਰੀ ਸਰੁੱਖਿਆ ਫੋਰਸ ਲਾਈ ਗਈ ਸੀ।
ਭੁੱਚੋ ਮੰਡੀ (ਪਵਨ ਗੋਇਲ): ਜੌਨੀ ਬਾਂਸਲ ਨਗਰ ਕੌਂਸਲ ਭੁੱਚੋ ਮੰਡੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ, ਜਦੋਂ ਕਿ ਲੱਕੀ ਕੁਮਾਰ ਸੀਨੀਅਰ ਮੀਤ ਪ੍ਰਧਾਨ ਅਤੇ ਸਰੋਜ ਬਾਂਸਲ ਦੀ ਮੀਤ ਪ੍ਰਧਾਨ ਵਜੋਂ ਚੋਣ ਹੋਈ। ਇਹ ਚੋਣ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਸਬ ਰਜਿਸਟਰਾਰ ਬਿਨੈ ਬਾਂਸਲ ਦੀ ਦੇਖ-ਰੇਖ ਵਿੱਚ ਹੋਈ। ਚੋਣ ਮੌਕੇ 13 ਕੌਂਸਲਰਾਂ ਵਿੱਚੋਂ ਦੋ ਅਕਾਲੀ ਦਲ ਦੇ ਕੌਂਸਲਰਾਂ ਸਮੇਤ ਕੁੱਲ 12 ਕੌਂਸਲਰ ਹਾਜ਼ਰ ਸਨ, ਜਿਨ੍ਹਾਂ ਨੇ ਜੌਨੀ ਬਾਂਸਲ ਨਾਲ ਸਹਿਮਤੀ ਪ੍ਰਗਟਾਈ। ਵਾਰਡ ਨੰਬਰ 3 ਦੀ ਕੌਂਸਲਰ ਅੰਜਲੀ ਗਰਗ ਇਸ ਚੋਣ ਪ੍ਰਕਿਰਿਆਂ ਵਿੱਚੋਂ ਗੈਰ-ਹਾਜ਼ਰ ਰਹੀ। ਇਸ ਮੌਕੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਨਗਰ ਕੌਂਸਲ ਭੁੱਚੋ ਮੰਡੀ ਤੇ ਗੋਨਿਆਨਾ ਅਤੇ ਨਗਰ ਪੰਚਾਇਤ ਨਥਾਣਾ ਤੇ ਲਹਿਰਾ ਮੁਹੱਬਤ ਵਿੱਚ ਵੱਡੇ ਪੱਧਰ ’ਤੇ ਵਿਕਾਸ ਕੀਤਾ ਜਾਵੇਗਾ।
ਲਹਿਰਾ ਮੁਹੱਬਤ ਵਾਸੀਆਂ ਨੇ ਨਗਰ ਪੰਚਾਇਤ ਦਾ ਦਫ਼ਤਰ ਘੇਰਿਆ
ਭੁੱਚੋ ਮੰਡੀ: ਲਹਿਰਾ ਮੁਹੱਬਤ ਵਾਸੀਆਂ ਦੇ ਤਿੱਖੇ ਵਿਰੋਧ ਕਾਰਨ ਅੱਜ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਕਰਵਾਉਣ ਲਈ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਜਾਂ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਬਹੁੜਿਆ। ਜਾਣਕਾਰੀ ਮੁਤਾਬਿਕ ਪਿੰਡ ਵਾਸੀਆਂ ਨੇ ਸਵੇਰੇ ਹੀ ਨਗਰ ਪੰਚਾਇਤ ਦੇ ਦਫ਼ਤਰ ਦਾ ਘਿਰਾਓ ਕਰ ਲਿਆ ਸੀ। ਇਸ ਦੌਰਾਨ ਉਨ੍ਹਾਂ ਕਾਲੀਆਂ ਝੰਡੀਆਂ ਤੇ ਪੋਸਟਰ ਫੜ ਕੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐਕਸ਼ਨ ਕਮੇਟੀ ਦੇ ਆਗੂ ਨਿਰਮਲ ਸਿੰਘ ਤੇ ਗੁਰਸ਼ਰਨ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਜਗਜੀਤ ਸਿੰਘ ਲਹਿਰਾ ਨੇ ਕਿਹਾ ਕਿ ਪਿੰਡ ਵਾਸੀ ਲੰਮੇ ਸਮੇਂ ਤੋਂ ਪਿੰਡ ਵਿੱਚ ਮੁੜ ਗ੍ਰਾਮ ਪੰਚਾਇਤ ਬਣਾਉਣ ਦੀ ਮੰਗ ਕਰ ਰਹੇ ਹਨ। ਵਿਧਾਇਕ ਨੇ ਪਿੰਡ ਵਿੱਚ ਗ੍ਰਾਮ ਪੰਚਾਇਤ ਬਣਾਉਣ ਅਤੇ ਨਗਰ ਪੰਚਾਇਤ ਚੋਣ ਨਾ ਲੜਨ ਦਾ ਭਰੋਸਾ ਦਿੱਤਾ ਸੀ, ਪਰ ਉਨ੍ਹਾਂ ਨੇ ਕਾਗਜ਼ ਭਰਨ ਦੇ ਆਖਰੀ ਦਿਨ 11 ਕਾਂਗਰਸੀਆਂ ਦੇ ਕਾਗ਼ਜ਼ ਭਰਵਾ ਕੇ ਪਿੰਡ ਵਾਸੀਆਂ ਨਾਲ ਧੋਖਾ ਕੀਤਾ। ਜਦੋਂ ਕਿ ਕਿਸੇ ਵੀ ਪਿੰਡ ਵਾਸੀਆਂ ਨੇ ਚੋਣ ਲਈ ਕਾਗਜ਼ ਨਹੀਂ ਭਰੇ। ਇਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਚੋਣ ਰੱਦ ਕਰਨ ਅਤੇ ਮੁੜ ਗ੍ਰਾਮ ਪੰਚਾਇਤ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ। ਚੋਣ ਸਬੰਧੀ ਈਓ ਤਰੁਣ ਕੁਮਾਰ ਨੇ ਦੱਸਿਆ ਕਿ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਪ੍ਰਧਾਨ ਦੀ ਸੀਟ ਪੱਛੜੀ ਸ਼ੇਣੀ ਲਈ ਰਾਖਵੀਂ ਹੈ। ਗੁਰਸੇਵਕ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਬਲਜੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ।