ਖੇਤਰੀ ਪ੍ਰਤੀਨਿਧ
ਬਰਨਾਲਾ, 7 ਜੁਲਾਈ
ਇੱਥੇ ਇੱਕ ਕਥਿਤ ਜਬਰ-ਜਨਾਹ ਦੇ ਮਾਮਲੇ ‘ਚ ਪੁਲੀਸ ਦੀ ਕਾਰਵਾਈ ਤੋਂ ਨਾਖੁਸ਼ ਪੀਤੜ ਪਰਿਵਾਰ ਦੇ ਹੱਕ ਨਿੱਤਰੀਆਂ ਮਜ਼ਦੂਰ ਤੇ ਜਨਤਕ ਜਥੇਬੰਦੀਆਂ ਨੇ ਥਾਣਾ ਸਿਟੀ-2 ਅੱਗੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ‘ਚ ਸ਼ਾਮਲ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਖ਼ੁਸ਼ੀਆ ਸਿੰਘ ਤੇ ਜਗਰਾਜ ਰਾਮਾ, ਮਜ਼ਦੂਰ ਮੁਕਤੀ ਮੋਰਚਾ ਦੇ ਮੱਖਣ ਰਾਮਗੜ੍ਹ, ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੁਖਜੰਟ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰਪਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮਨਜੀਤ ਰਾਜ ਨੇ ਦੱਸਿਆ ਕਿ ਧਨੌਲਾ ਰੋਡ ਵਾਸੀ ਇੱਕ ਨਾਬਾਲਗ਼ ਲੜਕੀ ਨਾਲ ਜਬਰ-ਜਨਾਹ ਦੀ ਘਟਨਾ 5 ਅਪਰੈਲ ਨੂੰ ਵਾਪਰੀ ਸੀ। ਇਸ ਸਬੰਧੀ ਥਾਣਾ ਸਿਟੀ-2 ਦੇ ਤਤਕਾਲੀ ਐੱਸ.ਐੱਚ.ਓ ਨੇ ਪੀੜਤਾ ਦੀ ਸ਼ਿਕਾਇਤ ਦਰਜ ਕਰਨ ਦੀ ਥਾਂ ਧਮਕਾਉਂਦਿਆਂ ਮੁਲਜ਼ਮ ਖਿਲਾਫ਼ ਕਾਰਵਾਈ ਤੋਂ ਆਨਾਕਾਨੀ ਕੀਤੀ ਪਰ ਬਾਅਦ ਵਿੱਚ ਕੇਸ ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹਾਲਾਂਕਿ ਜਨਤਕ ਦਬਾਅ ਤੇ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਰੱਦ ਕਰਨ ’ਤੇ ਭਾਵੇਂ ਲੰਘੇ ਦਿਨ ਨਾਮਜ਼ਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰ ਖਦਸ਼ਾ ਹੈ ਕਿ ਇੱਕ ਸਥਾਨਕ ਕੌਂਸਲਰ ਦੀ ਕਥਿਤ ਸ਼ਹਿ ’ਤੇ ਮੁਲਜ਼ਮ ਨੂੰ ਬਚਾਇਆ ਜਾ ਰਿਹਾ ਹੈ। ਦੂਜੇ ਪਾਸੇ ਥਾਣਾ ਸਿਟੀ-2 ਦੇ ਅਧਿਕਾਰੀ ਯਸ਼ਪਾਲ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਾਮਜ਼ਦ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।