ਹਰਮੇਸ਼ਪਾਲ ਨੀਲੇਵਾਲ
ਜ਼ੀਰਾ, 22 ਅਕਤੂਬਰ
ਮੱਖੂ ਨਜ਼ਦੀਕ ਪਿੰਡ ਸ਼ੀਹਾਂਪਾੜੀ ਵਿੱਚ 14 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਪੁਲੀਸ ਅਤੇ ਸਿਹਤ ਪ੍ਰਸ਼ਾਸਨ ’ਤੇ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਪੀੜਤ ਲੜਕੀ ਦੇ ਤਾਇਆ ਰਾਜ ਸਿੰਘ ਵਾਸੀ ਸ਼ੀਹਾਂਪਾੜੀ ਨੇ ਦੱਸਿਆ ਕਿ ਉਹ ਇਥੇ ਇੱਕ ਭੱਠੇ ’ਤੇ ਰਹਿੰਦੇ ਹਨ। ਊਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਉਹ ਆਪਣੀ ਨੂੰਹ ਦੇ ਜਣੇਪੇ ਲਈ ਸਿਵਲ ਹਸਪਤਾਲ ਮੱਖੂ ਗਏ ਸਨ ਜਿਥੇ ਉਨ੍ਹਾਂ ਨੂੰ ਕੁਝ ਦਿਨ ਲਗ ਗਏ। ਪੀੜਤ ਲੜਕੀ ਘਰ ਵਿੱਚ ਇਕੱਲੀ ਸੀ। ਇਸ ਦੌਰਾਨ ਭੱਠੇ ’ਤੇ ਕੰਮ ਕਰਦੇ ਸੋਨੂੰ ਨਾਮ ਦੇ ਲੜਕੇ ਨੇ ਲੜਕੀ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾ ਕੇ ਉਸ ਨਾਲ ਜਬਰ ਜਨਾਹ ਕੀਤਾ। ਇਸ ਦੇ ਬਾਅਦ ਤੋਂ ਮੁਲਜ਼ਮ ਲੜਕੀ ਨੂੰ ਡਰਾ ਧਮਕਾ ਕੇ ਲਗਾਤਾਰ ਜਬਰ ਜਨਾਹ ਕਰਦਾ ਆ ਰਿਹਾ ਹੈ। ਲੜਕੀ ਨੇ ਤੰਗ ਆ ਕੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਉਹ ਪੀੜਤਾ ਨੂੰ ਲੈ ਕੇ ਐਸਐਸਪੀ ਦਫ਼ਤਰ ਫਿਰੋਜ਼ਪੁਰ ਵਿਖੇ ਵੀ ਪੇਸ਼ ਹੋਏ, ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦੋਸ਼ ਲਾਇਆ ਕਿ ਸਿਵਲ ਹਸਪਤਾਲ ਜ਼ੀਰਾ ਨੇ ਵੀ ਲੜਕੀ ਦੀ ਮੈਡੀਕਲ ਜਾਂਚ ਕਰਨ ਦੀ ਥਾਂ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਪੁੱਛੇ ਜਾਣ ’ਤੇ ਐਸਐਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਡੀਐਸਪੀ ਰਾਜਵਿੰਦਰ ਸਿੰਘ ਰੰਧਾਵਾ ਨੂੰ ਮਾਮਲੇ ਦੀ ਜਾਂਚ ਸੌਂਪੀ ਹੈ। ਦੂਜੇ ਪਾਸੇ ਡੀਐਸਪੀ ਜ਼ੀਰਾ ਦਾ ਕਹਿਣਾ ਹੈ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ।