ਸੰਜੀਵ ਹਾਂਡਾ
ਫ਼ਿਰੋਜ਼ਪੁਰ, 20 ਮਈ
ਇਥੋਂ ਦੇ ਪਿੰਡ ਰੱਤੋ ਕੇ ਵਿੱਚ ਚਾਚੇ ਵੱਲੋਂ ਆਪਣੀ ਨਾਬਾਲਗ ਭਤੀਜੀ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਸਬੰਧ ਵਿੱਚ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਪੀੜਤ ਲੜਕੀ ਦੀ ਮਾਂ ਵੱਲੋਂ ਕੇਸ ਦਰਜ ਕਰਵਾਇਆ ਗਿਆ ਹੈ। ਪੰਜ ਬੱਚਿਆਂ ਦੀ ਇਸ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਲੰਘੇ ਸੋਮਵਾਰ ਨੂੰ ਉਹ ਆਪਣੇ ਬਿਮਾਰ ਮਾਤਾ ਪਿਤਾ ਦਾ ਪਤਾ ਲੈਣ ਵਾਸਤੇ ਪੇਕੇ ਗਈ ਹੋਈ ਸੀ ਤੇ ਆਪਣੇ ਪੰਜ ਬੱਚਿਆਂ ਨੂੰ ਆਪਣੀ ਦਰਾਣੀ ਹਰਜੀਤ ਕੌਰ ਕੋਲ ਛੱਡ ਗਈ ਸੀ। ਉਸ ਰਾਤ ਉਸ ਦੀ ਵੱਡੀ ਲੜਕੀ ਆਪਣੇ ਬਾਕੀ ਭੈਣ ਭਰਾਵਾਂ ਨਾਲ ਕਮਰੇ ਵਿਚ ਸੁੱਤੀ ਪਈ ਸੀ ਤੇ ਉਨ੍ਹਾਂ ਦਾ ਚਾਚਾ ਗੁਰਪ੍ਰੀਤ ਸਿੰਘ ਵੀ ਕਮਰੇ ਵਿੱਚ ਸੁੱਤਾ ਹੋਇਆ ਸੀ। ਅੱਧੀ ਰਾਤ ਨੂੰ ਗੁਰਪ੍ਰੀਤ ਸਿੰਘ ਉਸ ਦੀ ਬੇਟੀ ਨੂੰ ਚੁੱਕ ਕੇ ਨਾਲ ਵਾਲੇ ਕਮਰੇ ਵਿਚ ਲੈ ਗਿਆ ਤੇ ਉਸ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਲੜਕੀ ਵੱਲੋਂ ਰੌਲਾ ਪਾਉਣ ’ਤੇ ਉਸ ਦੀ ਚਾਚੀ ਉੱਠ ਕੇ ਕਮਰੇ ਵਿੱਚ ਆ ਗਈ ਤੇ ਉਸ ਨੇ ਲੜਕੀ ਨੂੰ ਮੁਲਜ਼ਮ ਕੋਲੋਂ ਛੁਡਵਾਇਆ। ਇਸ ਦੌਰਾਨ ਮੁਲਜ਼ਮ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਨੇ ਪੀੜਤ ਲੜਕੀ ਨੂੰ ਕਿਹਾ ਕਿ ਜੇਕਰ ਉਸ ਨੇ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਪੀੜਤ ਲੜਕੀ ਦੀ ਮਾਂ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।