ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 17 ਸਤੰਬਰ
ਇੱਥੇ ਨਾਬਾਲਗ ਭਤੀਜੀ ਨੇ ਆਪਣੇ ਫੁੱਫੜ ਤੇ ਉਸ ਦੇ ਦੋਵੇਂ ਮੁੰਡਿਆਂ ’ਤੇ ਜਬਰ-ਜਨਾਹ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਇਸ ਸਬੰਧੀ ਪੀੜਤ ਦੀ ਸ਼ਿਕਾਇਤ ’ਤੇ ਫੁੱਫੜ ਬਿੰਦਰਪਾਲ ਸਿੰਘ, ਭੂਆ ਹਰਵਿੰਦਰ ਕੌਰ, ਮਨਦੀਪ ਸਿੰਘ ਤੇ ਹੇਮਤ ਬਾਵਾ ਵਾਸੀ ਗੂਗਾ ਮੈੜੀ ਵਾਲੀ ਗਲੀ ਨਜ਼ਦੀਕ ਰਾਧਾ ਕਿ੍ਰਸ਼ਨ ਮੰਦਰ ਮੁਹੱਲਾ ਸੁਰਗਾਪੁਰੀ ’ਚ ਕੋਟਕਪੂਰਾ ਖ਼ਿਲਾਫ਼ ਭਾਰਤੀ ਦੰਡ ਵਿਧਾਨ ਦੀ ਧਾਰਾ 376-ਡੀ (ਬਲਾਤਕਾਰ), 506 (ਧਮਕੀਆਂ ਦੇਣਾ), ਪੈਸਕੋ ਐਕਟ ਦੀ ਧਾਰਾ 6 (ਅਸ਼ਲੀਲ ਹਰਕਤਾਂ ਕਰਨਾ) ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਆਰੰਭੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਅਨੁਸਾਰ ਪੀੜਤ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਉਸ ਦੇ ਮਾਤਾ-ਪਿਤਾ ਇਹ ਮੁਲ਼ਕ ਛੱਡ ਮਲੇਸ਼ੀਆ ਚਲੇ ਗਏ ਸਨ ਤੇ ਪਿੱਛੋਂ ਉਸ ਦੀ ਦੇਖਭਾਲ ਤਾਈ ਸੁਖਜੀਤ ਕੌਰ ਦੇ ਜ਼ਿੰਮੇ ਛੱਡ ਗਏ। ਕਰੀਬ ਦੋ ਸਾਲ ਪਹਿਲਾਂ ਉਸ ਦੇ ਜਨਮ ਦਿਨ ’ਤੇ ਭੂਆ ਤਾਈ ਘਰ ਗਈ ਤਾਂ ਉਹ ਉਸ ਨੂੰ ਕੋਟਕਪੂਰੇ ਆਪਣੇ ਨਾਲ ਲੈ ਆਈ। ਹੁਣ ਉਹ 16 ਸਾਲ ਦੀ ਹੋ ਚੁੱਕੀ ਪਰ ਪਿਛਲੇ ਦੋ ਸਾਲ ਤੋਂ ਫੁੱਫੜ ਤੇ ਉਸ ਦੇ ਦੋਵੇਂ ਮੁੰਡੇ ਰੋਜ਼ ਉਸ ਨਾਲ ਜਬਰ-ਜਨਾਹ ਕਰਦੇ ਆ ਰਹੇ ਹਨ। ਇਸ ਕੰਮ ਵਿਚ ਭੂਆ ਵੀ ਬਰਾਬਰ ਦੀ ਭਾਗੀਦਾਰ ਹੈ, ਕਿਉਂਕਿ ਜਦ ਇਹ ਮਾਮਲਾ ਭੂਆ ਨੂੰ ਪਤਾ ਲੱਗਿਆ ਤਾਂ ਉਸ ਨੇ ਵਿਰੋਧ ਕਰਨ ਦੀ ਬਜਾਏ ਆਪਣੇ ਪਤੀ ਤੇ ਆਪਣੇ ਪੁੱਤਰਾਂ ਦਾ ਹੀ ਸਾਥ ਦਿੱਤਾ। ਜਾਂਚ ਅਧਿਕਾਰੀ ਥਾਣੇਦਾਰ ਜਗਤਾਰ ਸਿੰਘ ਅਨੁਸਾਰ ਪੁਲੀਸ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ।