ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਜੂਨ
ਮਾਲਵਾ ਖੇਤਰ ’ਚ ਖੇਤਾਂ ਅੰਦਰ ਚੂਹਿਆਂ ਦੀ ਭਰਮਾਰ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ। ਪਿਛਲੇ ਸਾਲ ਤੋਂ ਸਰਕਾਰ ਤੇ ਪ੍ਰਸ਼ਾਸਨ ਦੇ ਦਬਾਅ ਕਾਰਨ ਕਿਸਾਨਾਂ ਨੇ ਕਾਨੂੰਨੀ ਕਾਰਵਾਈ ਡਰੋਂ ਝੋਨਾ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਈ, ਜਿਸ ਕਾਰਨ ਖੇਤਾਂ ਅੰਦਰ ਚੂਹਿਆਂ ਦੀ ਭਰਮਾਰ ਪੈਦਾ ਹੋ ਗਈ ਹੈ। ਖੇਤੀ ਮਾਹਿਰਾਂ ਨੇ ਇਸ ਵਾਰ ਗਰਮੀ ਘੱਟ ਪੈਣ ਅਤੇ ਚੂਹਿਆਂ ਲਈ ਵਾਤਾਵਰਨ ਅਨਕੂਲ ਹੋਣ ਕਰਕੇ ਚੂਹਿਆਂ ਦੀ ਜਨ ਸੰਖਿਆ ਵੱਧਣ ਦੀ ਗੱਲ ਆਖੀ ਹੈ।
ਸੂਬੇ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਅਤੇ ਖੇਤੀਬਾੜੀ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਖੇਤੀਬਾੜੀ ਅਧਿਕਾਰੀਆਂ ਨੂੰ ਆਤਮਾ ਸਕੀਮ ਜਾਂ ਕਿਸੇ ਹੋਰ ਵਿਸ਼ੇਸ਼ ਫੰਡ ’ਚੋਂ ਚੂਹੇ ਮਾਰ ਦਵਾਈ ਖ਼ਰੀਦ ਕੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਅਤੇ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਰਹਿੰਦ-ਖੂੰਹਦ, ਚੂਹਿਆਂ ਦੀ ਲੁਕਣ ਤੇ ਭੋਜਨ ਦੀ ਜ਼ਰੂਰਤ ਪੂਰੀ ਕਰਦੇ ਹਨ। ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਫ਼ਸਲਾਂ ਲਈ ਲਾਹੇਵੰਦ ਅਤੇ ਨੁਕਸਾਨਦੇਹ ਦੋਵੇਂ ਹੀ ਤਰ੍ਹਾਂ ਦੇ ਕੁਦਰਤੀ ਜੀਵ ਜੰਤੂ ਬਚਦੇ ਹਨ।
ਪਿੰਡ ਰੋਡੇ ਦੇ ਬਲਤੇਜ ਸਿੰਘ, ਪੰਡਤ ਸੋਮ ਨਾਥ ਆਦਿ ਕਿਸਾਨਾਂ ਨੇ ਦੱਸਿਆ ਕਿ ਖੇਤਾਂ ਅੰਦਰ ਚੂਹਿਆਂ ਦੀ ਭਰਮਾਰ ਤੋਂ ਉਹ ਡਾਹਢੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਖੇਤਾਂ ਅੰਦਰ ਵੱਡੀਆਂ-ਵੱਡੀਆਂ ਖੱਡਾਂ ਬਣੀਆਂ ਪਈਆਂ ਹਨ। ਜਿਨ੍ਹਾਂ ਵਿਚ ਪਾਣੀ ਭਰ ਜਾਣ ’ਤੇ ਭੜੋਲਿਆਂ ਜਿੱਡੇ ਚੂਹੇ ਬਾਹਰ ਆ ਕੇ ਫ਼ਸਲ ਦਾ ਨੁਕਸਾਨ ਕਰਦੇ ਹਨ। ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਖੇਤੀ ਵਿਭਾਗ ਵੱਲੋਂ ਚੂਹੇ ਮਾਰਨ ਵਾਲੀ ਦਵਾਈ ਕਿਸਾਨਾਂ ਨੂੰ ਦੇਣੀ ਬੰਦ ਕੀਤੀ ਹੋਈ ਹੈ, ਜਿਸ ਕਾਰਨ ਖੇਤਾਂ ਵਿੱਚ ਚੂਹਿਆਂ ਦੀ ਭਰਮਾਰ ਤੋਂ ਕਿਸਾਨ ਪ੍ਰੇਸ਼ਾਨ ਹਨ। ਪਹਿਲਾਂ ਖੇਤੀ ਵਿਭਾਗ ਵੱਲੋਂ ਇਹ ਦਵਾਈ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾਂਦੀ ਸੀ, ਇਹ ਦਵਾਈ ਨਾ ਮਿਲਣ ਕਾਰਨ ਚੂਹਿਆਂ ਦੀ ਗਿਣਤੀ ਵੱਧ ਗਈ ਹੈ।