ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 28 ਅਕਤੂਬਰ
ਗਿੱਦੜਬਾਹਾ ਤੋਂ ਕਾਂਗਰਸ ਦੇ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ’ਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਭਾਵੇਂ ਉਹ ਅੰਮ੍ਰਿਤਾ ਵੜਿੰਗ ਦੇ ਪਤੀ ਹਨ ਪਰ ਅਕਸਰ ਰਾਜਾ ਵੜਿੰਗ ਦਾਅਵਾ ਕਰਦੇ ਹਨ ਕਿ ਉਹ ਆਪਣੀ ਪਤਨੀ ਕਰਕੇ ਨਹੀਂ ਕਾਂਗਰਸ ਦੇ ਉਮੀਦਵਾਰ ਕਰਕੇ ਅੰਮ੍ਰਿਤਾ ਵੜਿੰਗ ਦੇ ਹੱਕ ’ਚ ਪ੍ਰਚਾਰ ਕਰ ਰਹੇ ਹਨ। ਇਹ ਉਨ੍ਹਾਂ ਦਾ ਸਿਆਸੀ ਫਰਜ਼ ਹੈ। ਇਸ ਦੌਰਾਨ ਉਹ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਪਿੰਡਾਂ ’ਚ ਪ੍ਰਚਾਰ ਕਰਦੇ ਹਨ। ਉਨ੍ਹਾਂ ਪਿੰਡ ਸ਼ਰੀਂਹ ਵਾਲਾ, ਮੱਲਣ, ਕੋਠੇ ਢਾਬਾਂ ਵਾਲੇ, ਕੋਠੇ ਕੇਸਰ ਸਿੰਘ ਵਾਲੇ, ਕੋਟਲੀ, ਦੋਦਾ ਅਤੇ ਗਿੱਦੜਬਾਹਾ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਰਵਨੀਤ ਬਿੱਟੂ ਕਾਂਗਰਸ ਦਾ ਗੱਦਾਰ ਹੈ। ਕਾਂਗਰਸ ਪਾਰਟੀ ਨੇ ਉਸ ਨੂੰ ਤਿੰਨ ਵਾਰ ਸੰਸਦ ਮੈਂਬਰ ਬਣਾਇਆ ਪਰ ਇਹ ਅੰਦਰੋਂ ਭਾਜਪਾ ਨਾਲ ਜੁੜਿਆ ਹੋਇਆ ਸੀ। ਇਸ ਲਈ ਹੁਣ ਲੋਕਾਂ ਨੇ ਬਿੱਟੂ ਨੂੰ ਲੁਧਿਆਣਾ ਤੋਂ ਹਰਾ ਦਿੱਤਾ ਕਿਉਂਕੇ ਉਹ ਪਾਰਟੀ ਦਾ ਗੱਦਾਰ ਸੀ। ਪੰਜਾਬ ਦੇ ਲੋਕ ਗੱਦਾਰਾਂ ਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਮਨਪ੍ਰੀਤ ਬਾਦਲ ਤੇ ਡਿੰਪੀ ਢਿੱਲੋਂ ਦੇ ਪਾਰਟੀਆਂ ਬਦਲਣ ’ਤੇ ਵੀ ਕਟਾਖਸ਼ ਕਰਦਿਆਂ ਕਿਹਾ ਕਿ ਇਹ ਮੌਕਾ ਪ੍ਰਸਤ ਹਨ ਪਰ ਵੜਿੰਗ ਪਰਿਵਾਰ ਵਫਾਦਾਰ ਹੈ।