ਜੋਗਿੰਦਰ ਸਿੰਘ ਮਾਨ
ਮਾਨਸਾ, 15 ਜੂਨ
ਪ੍ਰੋਫੈਸਰ ਅਜਮੇਰ ਸਿੰਘ ਔਲਖ ਯਾਦਗਾਰੀ ਕਮੇਟੀ ਵੱਲ੍ਹੋਂ ਉਨ੍ਹਾਂ ਦੀ ਪੰਜਵੀਂ ਬਰਸੀ ਮੌਕੇ ਸੰਤ ਓਪਨ ਏਅਰ ਥੀਏਟਰ ਕੋਟਲੱਲੂ ਵਿਖੇ ਕਰਵਾਏ ਸਮਾਗਮ ਦੌਰਾਨ ਲੋਕ ਕਲਾ ਮੰਚ ਮਾਨਸਾ ਵੱਲ੍ਹੋਂ ਬਿਟੂ ਔਲਖ ਦੀ ਨਿਰਦੇਸ਼ਨਾਂ ਹੇਠ ਖੇਡੇ ਗਏ ਪ੍ਰੋਫੈਸਰ ਔਲਖ ਦੇ ਸ਼ਾਹਕਾਰ ਨਾਟਕ ਬਗਾਨੇ ਬੋਹੜ ਦੀ ਛਾਂ ਰਾਹੀਂ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸਮੇਂ ਦੇ ਹਾਕਮਾਂ ਵਿਰੁੱਧ ਵਿਢੀ ਹੱਕੀ ਜੰਗ ਨੂੰ ਜਿੱਤਣ ਤੱਕ ਪ੍ਰੋਫੈਸਰ ਔਲਖ ਦੇ ਸੰਗਰਾਮ ਨੂੰ ਜਾਰੀ ਰੱਖਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਪ੍ਰੋਫੈਸਰ ਔਲਖ ਦੀ ਰੰਗਕਰਮੀ ਪਤਨੀ ਮਨਜੀਤ ਕੌਰ ਔਲਖ, ਧੀਆਂ ਡਾ. ਸੁਪਨਦੀਪ ਕੌਰ ਔਲਖ, ਡਾ. ਅਜਮੀਤ ਕੌਰ ਔਲਖ, ਜਵਾਈ ਬਿਟੂ ਔਲਖ ਤੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਉਹ ਪ੍ਰੋਫੈਸਰ ਅਜਮੇਰ ਸਿੰਘ ਔਲਖ ਵੱਲ੍ਹੋਂ ਵਿਢੇ ਹੱਕੀ ਘੋਲਾਂ ਦੀ ਜੰਗ ਨੂੰ ਜਾਰੀ ਰੱਖਣਗੇ।
ਨਾਟਕ ਬਾਰੇ ਬੋਲਦਿਆਂ ਸਮਾਗਮ ਦੇ ਮੁੱਖ ਬੁਲਾਰੇ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਗੱਜਣ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਅਮਰ ਪਾਤਰ ਹੈ, ਜਦ ਵੀ ਪੰਜਾਬੀ ਅਦਬ ਦੇ ਇਤਿਹਾਸ ਵਿਚ ਅਤੇ ਪੇਂਡੂ ਸਮਾਜ ਵਿਚ ਨਿਮਨ ਕਿਸਾਨੀ ਦੀ ਪੀੜ ਦੀ ਪੇਸ਼ਕਾਰੀ ਦੀ ਗੱਲ ਤੁਰੇਗੀ ਤਾਂ ਇਸ ਨਾਟਕ ਦੇ ਪਾਤਰ ਗੱਜਣ ਨੂੰ ਮਨਫ਼ੀ ਨਹੀਂ ਕੀਤਾ ਜਾ ਸਕੇਗਾ। ਇਸ ਮੌਕੇ ਮਨਜੀਤ ਕੌਰ ਔਲਖ ਵੱਲ੍ਹੋਂ ਡਾ. ਕੁਲਦੀਪ ਸਿੰਘ ਦੀਪ ਦੁਆਰਾ ਸੰਪਾਦਤ ਪੁਸਤਕ ‘ਮੇਰੇ ਹਿੱਸੇ ਦਾ ਔਲਖ’ ਦਾ ਵਿਮੋਚਨ ਕੀਤਾ ਗਿਆ। ਇਹ ਪੁਸਤਕ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਪਿਆਰਿਆਂ ਦੀਆਂ ਯਾਦਾਂ ’ਤੇ ਅਧਾਰਿਤ ਹੈ।
ਕਮੇਟੀ ਦੇ ਪ੍ਰਧਾਨ ਦਰਸ਼ਨ ਜੋਗਾ ਅਤੇ ਜਨਰਲ ਸਕੱਤਰ ਹਰਦੀਪ ਸਿੱਧੂ ਨੇ ਕਿਹਾ ਕਿ ਇਹ ਪੁਸਤਕ ਔਲਖ ਬਾਰੇ ਹੁਣ ਤੱਕ ਹੋਏ ਕਾਰਜ ਵਿਚੋਂ ਸਭ ਤੋਂ ਵਿਲੱਖਣ ਹੈ।
ਸਮਾਗਮ ਦੌਰਾਨ ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ,ਖੋਜ ਅਫਸਰ ਗੁਰਪ੍ਰੀਤ ਦੀ ਅਗਵਾਈ ’ਚ ਲਗਾਈ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਪ੍ਰੋਫੈਸਰ ਸੁਖਦੇਵ ਸਿੰਘ,ਪ੍ਰੋਫੈਸਰ ਦਰਸ਼ਨ ਸਿੰਘ,ਡਾ ਕੁਲਦੀਪ ਚੌਹਾਨ, ਸੰਦੀਪ ਘੰਡ ਸੰਦੀਪ ਘੰਡ, ਗੁਰਜੰਟ ਸਿੰਘ ਚਾਹਲ ਹਾਜ਼ਰ ਸਨ।