ਲਖਵੀਰ ਸਿੰਘ ਚੀਮਾ
ਟੱਲੇਵਾਲ, 2 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਪਿੰਡ ਭੋਤਨਾ ਦੇ ‘ਐਸਾਰ’ ਕੰਪਨੀ ਦੇ ਪੈਟਰੋਲ ਪੰਪ ਉੱਪਰ ਮੋਰਚਾ ਦੂਜੇ ਦਿਨ ਵੀ ਜਾਰੀ ਰਿਹਾ।
ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਦਰਸ਼ਨ ਸਿੰਘ ਅਤੇ ਮਜ਼ਦੂਰ ਆਗੂ ਗੁਰਨਾਮ ਸਿੰਘ ਭੋਤਨਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਜਾਰੀ ਹੈ। ਪੰਜਾਬ ਦੇ ਸਿਆਸੀ ਲੋਕ ਵੀ ਇਨ੍ਹਾਂ ਕਾਰਪੋਰੇਟਾਂ ਅੰਬਾਨੀਆਂ ਅਡਾਨੀਆਂ ਦੇ ਕਾਰੋਬਾਰ ਨਾਲ ਰਲੇ ਹੋਏ ਹਨ। ਵੱਡੇ ਸਿਆਸੀ ਘਰਾਣੇ ਕਾਰਪੋਰੇਟਾਂ ਦੇ ਡੀਲਰ ਹਨ। ਇਹ ਕਾਰਪੋਰੇਟ ਕਿਸਾਨਾਂ ਦੀ ਜ਼ਮੀਨ ਖੋਹਣਾ ਚਾਹੁੰਦੇ ਹਨ, ਪਰ ਕਿਸਾਨਾਂ ਨੇ ਆਰ ਪਾਰ ਦੀ ਲੜਾਈ ਤਹਿਤ ਇਨ੍ਹਾਂ ਦੇ ਕਾਰੋਬਾਰ ਹੀ ਠੱਪ ਕਰ ਦੇਣੇ ਹਨ। ਇਸ ਤਹਿਤ ਇਨ੍ਹਾਂ ਦੇ ਪੈਟਰੋਲ ਪੰਪਾਂ, ਸ਼ੌਪਿੰਗ ਮਾਲ ਅਤੇ ਟੌਲ ਪਲਾਜ਼ਿਆਂ ’ਤੇ ਲਗਾਤਾਰ ਮੋਰਚੇ ਲਗਾ ਦਿੱਤੇ ਹਨ।
ਮਹਿਲ ਕਲਾਂ (ਨਵਕਿਰਨ ਸਿੰਘ): ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਮਹਿਲ ਕਲਾਂ ਵਿੱਚ ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਟੋਲ ਪਲਾਜ਼ਾ ਅੱਗੇ ਧਰਨਾ ਜਾਰੀ ਹੈ ਅਤੇ ਕਿਸਾਨਾਂ ਵੱਲੋਂ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਨੂੰ ਬਿਨਾਂ ਟੋਲ ਟੈਕਸ ਦਿੱਤੇ ਲੰਘਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਤੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਨੇ ਸੰਬੋਧਨ ਕੀਤਾ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਅਤੇ ਜਨਰਲ ਸਕੱਤਰ ਕੁਲਜੀਤ ਵਜ਼ੀਦਕੇ ਦੀ ਅਗਵਾਈ ਹੇਠ ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਪੈਂਦੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਅੱਗੇ ਵੀ ਧਰਨਾ ਜਾਰੀ ਹੈ।
ਜਲਾਲਾਬਾਦ (ਚੰਦਰ ਕਾਲੜਾ): ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲ ਵਿਰੋਧੀ ਬਣਾਏ ਤਿੰਨ ਕਾਨੂਨਾਂ ਦੇ ਵਿਰੋਧ ’ਚ ਚੱਲ ਰਹੇ ਸੰਘਰਸ਼ ਤਹਿਤ ਭਾਰਤੀ ਕਿਸਨ ਯੂੁਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਅੱਜ ਦੂਜੇ ਦਿਨ ਜਲਾਲਾਬਾਦ ’ਚ ਦੋ ਥਾਵਾਂ ’ਤੇ ਸਰਮਾਏਦਾਰਾਂ ਦੇ ਪੈਟਰੋਲ ਪੰਪ ਅਤੇ ਮਾਹਮੂਜੋਈਆ ਟੋਲ ਪਲਾਜ਼ਾ ਦਾ ਮੁਕੰਮਲ ਤੌਰ ’ਤੇ ਘਿਰਾਓ ਕੀਤਾ ਗਿਆ। ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਅੇਤ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਭੋਡੀਪੁਰ ਨੇ ਸੰਬੋਧਨ ਕੀਤਾ।
ਬਾਘਾ ਪੁਰਾਣਾ (ਯਸ਼ ਚਟਾਨੀ): ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਰਿਲਾਇੰਸ ਪੈਟਰੋਲ ਪੰਪ ਰਾਜੇਆਣਾ ’ਤੇ ਦੂਜੇ ਦਿਨ ਵੀ ਧਰਨਾ ਜਾਰੀ ਰੱਖਿਆ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਗੁਰਦੀਪ ਸਿੰਘ ਵੈਰੋਕੇ ਨੇ ਧਰਨੇ ਨੂੰ ਸੰਬੋਧਨ ਕੀਤਾ।
ਇਸੇ ਦੌਰਾਨ ਭਾਰਤੀ ਕਿਸਾਨੀ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਗਾ-ਕੋਟਕਪੂਰਾ ਰੋਡ ’ਤੇ ਸਥਿਤ ਟੋਲ ਪਲਾਜ਼ੇ ’ਤੇ ਧਰਨਾ ਲਗਾ ਕੇ ਵਾਹਨਾਂ ਦੀਆਂ ਪਰਚੀਆਂ ਉੱਪਰ ਰੋਕ ਲਾ ਕੇ ਵੱਡਾ ਸੰਕੇਤ ਦਿੱਤਾ ਜਾ ਰਿਹਾ ਹੈ। ਧਰਨੇ ਨੂੰ ਪਿੰਡ ਸੇਖਾ ਤੋਂ ਮੋਹਰੀ ਆਗੂ ਗੁਰਦਾਸ ਸਿੰਘ ਸੇਖਾ, ਨਿਰਭੈ ਸਿੰਘ, ਹਰਮੰਦਰ ਸਿੰਘ, ਅਜੀਤ ਸਿੰਘ ਡੇਮਰੂ, ਅਮਰੀਕ ਸਿੰਘ ਘੋਲੀਆ ਅਤੇ ਲਾਭ ਸਿੰਘ ਨੇ ਸੰਬੋਧਨ ਕੀਤਾ।
ਭਦੌੜ (ਰਾਜਿੰਦਰ ਵਰਮਾ): ਰਿਲਾਇੰਸ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ ਦੂਜੇ ਦਿਨ ਅੱਜ ਸੀਪੀਆਈ ਆਗੂ ਗੁਰਮੇਲ ਸ਼ਰਮਾ, ਕੁਲਵੰਤ ਸਿੰਘ ਮਾਨ, ਭੋਲਾ ਸਿੰਘ ਛੰਨਾ, ਕਾਲਾ ਸਿੰਘ ਜੈਦ ਅਤੇ ਹਰਮੰਡਲ ਸਿੰਘ ਨੇ ਸੰਬੋਧਨ ਕੀਤਾ।
ਤਲਵੰਡੀ ਸਾਬੋ (ਜਗਜੀਤ ਸਿੱਧੂ): ਕਿਸਾਨਾਂ ਵੱਲੋਂ ਸਥਾਨਕ ਸ਼ਹਿਰ ਦੇ ਬਠਿੰਡਾ ਰੋਡ ਸਥਿਤ ਰਿਲਾਇੰਸ ਪੰਪ ਅੱਗੇ ਰੋਸ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਇਨ੍ਹਾਂ ਪੰਪਾਂ ਤੋਂ ਤੇਲ ਨਾ ਪਵਾਉਣ ਦੀ ਅਪੀਲ ਕੀਤੀ ਅਤੇ ਪੂੰਜੀਪਤੀਆਂ ਦੀਆਂ ਕੰਪਨੀਆਂ ਵਿੱਚ ਤਿਆਰ ਕੀਤੇ ਹਰ ਸਾਮਾਨ ਦੇ ਬਾਈਕਾਟ ਦਾ ਸੱਦਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਬਰਨਾਲਾ (ਪਰਸ਼ੋਤਮ ਬੱਲੀ): ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਸੱਦੇ ਤਹਿਤ ਬਰਨਾਲਾ ਰੇਲਵੇ ਸਟੇਸ਼ਨ ‘ਤੇ ਰੇਲਵੇ ਟਰੈਕ ਉੱਪਰ ਧਰਨਾ ਦੇ ਕੇ ਕੇਂਦਰੀ ਸਰਕਾਰ ਵੱਲੋਂ ਥੋਪੇ ਖੇਤੀ ਕਾਨੂੰਨਾਂ ਖ਼ਿਲਾਫ਼ ਭੜਾਸ ਕੱਢੀ ਗਈ। ਇਸੇ ਤਰ੍ਹਾਂ ਬੀਕੇਯੂ ਉਗਰਾਹਾਂ ਦੀ ਅਗਵਾਈ ਵਿੱਚ ਬਰਨਾਲਾ-ਰਾਏਕੋਟ ਰੋਡ ‘ਤੇ ਸਥਿਤ ਪਿੰਡ ਸੰਘੇੜਾ ਨੇੜੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਕੀਤਾ।
ਰਾਮਪੁਰਾ ਫੂਲ (ਗੁਰਜੀਤ ਭੁੱਲਰ): ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸ਼ੁਰੂ ਕੀਤੇ ਰੇਲ ਰੋਕੋ ਅਦੋਲਨ ਤਹਿਤ ਅੱਜ ਦੂਜੇ ਦਿਨ ਸਥਾਨਕ ਰੇਲਵੇ ਸਟੇਸ਼ਨ ’ਤੇ ਸੈਂਕੜੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਨੇ ਸੰਬੋਧਨ ਕੀਤਾ।
ਬਣਾਂਵਾਲਾ ਥਰਮਲ ਪਲਾਂਟ ਅੱਗੇ ਧਰਨਾ ਜਾਰੀ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿੱਚ ਵੇਦਾਂਤਾ ਕੰਪਨੀ ਵੱਲੋਂ ਪ੍ਰਾਈਵੇਟ ਭਾਈਵਾਲੀ ਤਹਿਤ ਲਾਏ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਗਾਤਾਰ ਦੂਸਰੇ ਦਿਨ ਧਰਨਾ ਲਾਇਆ ਗਿਆ। ਜਥੇਬੰਦੀ ਦੇ ਆਗੂ ਇੰਦਰਜੀਤ ਸਿੰਘ ਝੱਬਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜੋ ਕਿਸਾਨ ਵਿਰੋਧੀ ਫੈਸਲੇ ਲਏ ਹਨ ਇਹ ਵੱਡੀਆਂ ਕੰਪਨੀਆਂ ਲਈ ਰਾਹ ਪੱਧਰੇ ਕੀਤੇ ਹਨ।
ਇਸ ਮੌਕੇ ਸਾਧੂ ਸਿੰਘ,ਜੱਗਾ ਸਿੰਘ,ਉਤਮ ਸਿੰਘ ਰਾਮਾਂਨੰਦੀ,ਜਗਦੇਵ ਸਿੰਘ ਭੈਣੀਬਾਘਾ,ਜਗਦੇਵ ਸਿੰਘ ਜੋਗੇਵਾਲਾ,ਨਛੱਤਰ ਸਿੰਘ ਬਹਿਮਣ ਨੇ ਵੀ ਸੰਬੋਧਨ ਕੀਤਾ।