ਜੋਗਿੰਦਰ ਸਿੰਘ ਮਾਨ
ਮਾਨਸਾ, 26 ਦਸੰਬਰ
ਮਾਲਵਾ ਖੇਤਰ ਵਿੱਚ ਥਾਂ-ਥਾਂ ’ਤੇ ਲੱਗੇ ਧਰਨਿਆਂ ਦੌਰਾਨ ਕਿਸਾਨਾਂ ਨੇ ਅੱਜ ਮਹਾਨ ਸ਼ਹੀਦ ਊਧਮ ਸਿੰਘ ਨੂੰ ਜਨਮ ਦਿਨ ਮੌਕੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਸੰਕਲਪ ਲਿਆ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਅੰਦੋਲਨ ਜੋਸ਼ੋ-ਖਰੋਸ਼ ਨਾਲ ਅੱਗੇ ਵਧਾਇਆ ਜਾਵੇਗਾ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਆਨੇ-ਬਹਾਨੇ ਨਾਲ ਪ੍ਰੇਸ਼ਾਨ ਕਰਨ ਲੱਗੀ ਹੋਈ ਹੈ, ਜਿਸ ਦੀ ਅੰਨਦਾਤਾ ਵੱਲੋਂ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ।
ਬਰਨਾਲਾ (ਪਰਸ਼ੋਤਮ ਬੱਲੀ): ਖੇਤੀ ਕਾਨੂੰਨਾਂ ਵਿਰੋਧੀ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗੇ ਸਾਂਝੇ ਕਿਸਾਨੀ ਮੋਰਚੇ ਦੇ ਅੱਜ 87ਵੇਂ ਦਿਨ ਜਿੱਥੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ, ਉੱਥੇ 11 ਮੈਂਬਰੀ ਕਿਸਾਨ ਕਾਫ਼ਲੇ ਵੱਲੋਂ ਪੰਜਵੇਂ ਦਿਨ 24 ਘੰਟੇ ਦੀ ਭੁੱਖ ਹੜਤਾਲ ਜਾਰੀ ਰੱਖੀ ਗਈ| ਗੁੁਰਚਰਨ ਸਿੰਘ ਚੁੁਹਾਨਕੇ ਖੁੁਰਦ, ਬੂਟਾ ਸਿੰਘ ਠੀਕਰੀਵਾਲਾ, ਰਾਮ ਸਿੰਘ ਭਦੌੜ, ਜਸਵਿੰਦਰ ਸਿੰਘ ਮੰਡੇਰ ਨਾਈਵਾਲਾ, ਬਿੱਕਰ ਸਿੰਘ ਭੈਣੀ ਜੱਸਾ, ਹਰਜੀਤ ਸਿੰਘ ਭੈਣੀ ਜੱਸਾ, ਜਿਉਣ ਸਿੰਘ ਭੈਣੀ ਜੱਸਾ, ਕਰਤਾਰ ਸਿੰਘ ਸਹਿਜੜਾ, ਜੱਗਰ ਸਿੰਘ ਸਹਿਜੜਾ, ਧੰਨਾ ਸਿੰਘ ਭਦੌੜ ਤੇ ਗੁੁਰਜੋਤ ਸਿੰਘ ਬਰਨਾਲਾ ਅੱਜ ਭੁੱਖ ਹੜਤਾਲ ’ਤੇ ਬੈਠੇ| ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ| ਬੀਕੇਯੂ ਡਕੌਂਦਾ ਦੇ ਸੂਬਾਈ ਆਗੂ ਮਨਜੀਤ ਧਨੇਰ ਤੇ ਬਲਵੰਤ ਸਿੰਘ ਉੱਪਲੀ ਨੇ ਧਰਨੇ ਨੂੰ ਸੰਬੋਧਨ ਕੀਤਾ।
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲੜੀਵਾਰ ਭੁੱਖ ਹੜਤਾਲ ਸ਼ੁਰੂ
ਸਿਰਸਾ (ਪ੍ਰਭੂ ਦਿਆਲ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਪਿੰਡਾਂ ਦੇ ਪੰਜ ਕਿਸਾਨਾਂ ਨੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪਹਿਲੇ ਦਿਨ ਅੱਜ ਕਿਸਾਨ ਆਗੂ ਰਾਜ ਕੁਮਾਰ, ਮਾਹਲਾ ਰਾਮ, ਗੁਰਾਂਦਿੱਤਾ, ਹਰਭਜਨ ਸਿੰਘ ਤੇ ਅਰਜਨ ਦਾਸ ਨੇ ਭੁੱਖ ਹੜਤਾਲ ਕੀਤੀ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਜਿਥੇ ਟੌਲ ਪਲਾਜ਼ੇ ਪਰਚੀ ਮੁਕਤ ਕੀਤੇ ਗਏ ਹਨ, ਉਥੇ ਹੀ ਕਿਸਾਨਾਂ ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਇਸੇ ਤਰ੍ਹਾਂ ਅੱਜ ਦੂਜੇ ਦਿਨ ਵੀ ਕੌਮੀ ਮਾਰਗ-9 ’ਤੇ ਸਥਿਤ ਭਾਵਦੀਨ ਟੌਲ ਪਲਾਜ਼ੇ ਅੱਗੇ ਧਰਨਾ ਲਾਇਆ ਤੇ ਇਸ ਨੂੰ ਪਰਚੀ ਮੁਕਤ ਰੱਖਿਆ। ਧਰਨੇ ਦਾ ਆਗਾਜ਼ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਨ ਨਾਲ ਹੋਇਆ।