ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 21 ਫਰਵਰੀ
ਸ਼ਹਿਰ ਵਾਸੀਆਂ ਦੀ ਸਭ ਤੋਂ ਵੱਡੀ ਸਮੱਸਿਆ ਜੋ ਗਲੇ ਦੀ ਹੱਡੀ ਬਣੀ ਹੋਈ ਹੈ, ਉਹ ਸੀਵਰੇਜ ਦੀ ਸਮੱਸਿਆ ਹੈ। ਇਸ ਸੀਵਰੇਜ ਦੇ ਲੀਕ ਤੇ ਓਵਰਫਲੋਅ ਹੋਣ ਕਾਰਨ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ| ਅਜਿਹਾ ਹੀ ਮਾਮਲਾ ਅਬੋਹਰ ਰੋਡ ਸਥਿਤ ਗਲੀ ਨੰਬਰ 3 ਦਾ ਹੈ ਜਿਥੇ ਸੀਵਰੇਜ ਦੇ ਓਵਰਫਲੋਅ ਕਾਰਨ ਗਲੀ ਵਿੱਚ ਪਾਣੀ ਭਰਿਆ ਰਹਿੰਦਾ ਹੈ। ਇਸ ਕਾਰਨ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਨੂੰ ਇਸ ਪਾਣੀ ਵਿੱਚੋਂ ਗੁਜ਼ਰਨਾ ਪੈਂਦਾ ਹੈ, ਇਸ ਤੋਂ ਇਲਾਵਾ ਕਈ ਬਜ਼ੁਰਗ ਤੇ ਬੱਚੇ ਇਸ ਪਾਣੀ ਕਾਰਨ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ| ਮੁਹੱਲਾ ਵਾਸੀਆਂ ਨੇ ਦੱਸਿਆ ਕਿ ਵਾਰ-ਵਾਰ ਅਪੀਲਾਂ ਕਰਨ ਦੇ ਬਾਅਦ ਵਿਭਾਗ ਕਰਮਚਾਰੀ ਪਹੁੰਚੇ| ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸੀਵਰੇਜ ਸਿਸਟਮ ਨੂੰ ਕਿਸੇ ਯੋਗ ਮਸ਼ੀਨਰੀ ਨਾਲ ਸਾਫ਼ ਕਰਵਾਇਆ ਜਾਵੇ। ਇਸ ਦੌਰਾਨ ਜਨ ਸਿਹਤ ਵਿਭਾਗ ਦੇ ਕਾਰਜਕਾਰਨੀ ਇੰਜਨੀਅਰ ਅਮਰਦੀਪ ਸਿੰਘ ਭੱਠਲ ਨੇ ਦੱਸਿਆ ਕਿ ਸੀਵਰੇਜ ਦੀ ਸਫਾਈ ਦਾ ਕੰਮ ਸਮੇਂ-ਸਮੇਂ ’ਤੇ ਹੁੰਦਾ ਰਹਿੰਦਾ ਹੈ| ਅਬੋਹਰ ਰੋਡ ਦੇ ਸੀਵਰੇਜ ਦੀ ਸਫ਼ਾਈ ਵੀ ਜਲਦੀ ਹੀ ਹੋਣ ਵਾਲੀ ਹੈ। ਆਰਜ਼ੀ ਤੌਰ ’ਤੇ ਮੋਟਰਾਂ ਚਲਾ ਕੇ ਪਾਣੀ ਕੱਢਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ।