ਜਸਵੰਤ ਜੱਸ
ਫ਼ਰੀਦਕੋਟ, 17 ਮਈ
ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਮਾਈ ਗੋਦੜੀ ਸਾਹਿਬ ਕਲੋਨੀ ਦੇ ਰਿਹਾਇਸ਼ੀ ਇਲਾਕੇ ਵਿੱਚ ਫ਼ਰੀਦਕੋਟ ਦੇ ਭਾਜਪਾ ਆਗੂ ਦੀ ਆਚਾਰ ਅਤੇ ਫੀਡ ਫੈਕਟਰੀ ਵਿਵਾਦਾਂ ਵਿੱਚ ਘਿਰ ਗਈ ਹੈ। ਕਲੋਨੀ ਦੇ ਵਸਨੀਕਾਂ ਨੇ ਦੋਸ਼ ਲਾਇਆ ਹੈ ਕਿ ਫੈਕਟਰੀ ਨੂੰ ਨਿਯਮਾਂ ਮੁਤਾਬਿਕ ਨਹੀਂ ਚਲਾਇਆ ਜਾ ਰਿਹਾ। ਕਲੋਨੀ ਦੇ ਸਰਪੰਚ ਗੁਰਕੰਵਲ ਸਿੰਘ ਸੰਧੂ ਅਤੇ ਡਾ. ਰਛਪਾਲ ਸਿੰਘ ਨੇ ਕਿਹਾ ਕਿ ਫੈਕਟਰੀ ਦਾ ਗੰਦਾ ਪਾਣੀ ਕਲੋਨੀ ਦੀਆਂ ਗਲੀਆਂ ਅਤੇ ਨਾਲੀਆਂ ਵਿੱਚ ਛੱਡਿਆ ਜਾਂਦਾ ਹੈ ਅਤੇ ਇਸ ਪਾਣੀ ਦੀ ਕੋਈ ਸੁਰੱਖਿਅਤ ਨਿਕਾਸੀ ਨਹੀਂ ਹੈ। ਇਸ ਤੋਂ ਇਲਾਵਾ ਫੀਡ ਫੈਕਟਰੀ ਵਿੱਚ ਦੇਰ ਰਾਤ ਤੱਕ ਮਸ਼ੀਨਾਂ ਚੱਲਦੀਆਂ ਹਨ ਅਤੇ ਗਰਦ ਉੱਡਦੀ ਹੈ। ਜਿਸ ਕਾਰਨ ਆਸ-ਪਾਸ ਦੇ ਲੋਕਾਂ ਨੂੰ ਸਾਹ ਅਤੇ ਐਲਰਜ਼ੀ ਦੇ ਰੋਗ ਵੱਡੀ ਪੱਧਰ ’ਤੇ ਲੱਗ ਰਹੇ ਹਨ। ਕਲੋਨੀ ਦੇ ਸਰਪੰਚ ਨੇ ਕਿਹਾ ਕਿ ਕਲੋਨੀ ਵਿੱਚ ਚੱਲ ਰਹੀਆਂ ਦੋ ਫੈਕਟਰੀਆਂ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀਆਂ ਹਨ ਅਤੇ ਇਨ੍ਹਾਂ ਫੈਕਟਰੀਆਂ ਦੇ ਟਰਾਂਸਫਾਰਮਰ ਵੀ ਗਲੀਆਂ ਵਿੱਚ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਪ੍ਰਦੂਸ਼ਣ ਅਤੇ ਸ਼ੋਰ ਕਾਰਨ ਇੱਕ ਦਰਜਨ ਦੇ ਕਰੀਬ ਲੋਕ ਇੱਥੋਂ ਆਪਣੇ ਘਰ ਵੇਚ ਕੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਅਤੇ ਕਲੋਨੀ ਦੇ ਵਸਨੀਕਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ ਕਿ ਜੇ ਇੱਕ ਹਫ਼ਤੇ ਵਿੱਚ ਇਸ ਫੈਕਟਰੀ ਨੂੰ ਬੰਦ ਨਾ ਕੀਤਾ ਗਿਆ ਤਾਂ ਪੰਚਾਇਤ ਇਸ ਫੈਕਟਰੀ ਨੂੰ ਆਪਣੇ ਪੱਧਰ ’ਤੇ ਤਾਲਾ ਲਗਾ ਦੇਵੇਗੀ। ਗਰਾਮ ਪੰਚਾਇਤ ਅਤੇ ਮੁਹੱਲਾ ਵਾਸੀਆਂ ਨੇ ਇਸ ਸੰਬੰਧੀ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ। ਦੂਜੇ ਪਾਸੇ ਫੈਕਟਰੀ ਦੇ ਇੰਚਾਰਜ ਰਮੇਸ਼ ਕੁਮਾਰ ਗੇਰਾ ਨੇ ਕਿਹਾ ਕਿ ਉਨ੍ਹਾਂ ਦੀ ਫੈਕਟਰੀ ਕਿਸੇ ਵੀ ਤਰ੍ਹਾਂ ਪ੍ਰਦੂਸ਼ਣ ਨਹੀਂ ਫੈਲਾਅ ਰਹੀ ਤੇ ਇਹ ਫੈਕਟਰੀ ਨਿਯਮਾਂ ਅਨੁਸਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸ਼ ਕਰਕੇ ਉਨ੍ਹਾਂ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੰਚਾਇਤ ਵੱਲੋਂ ਲਿਖਤੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਐੱਸਡੀਐੱਮ ਫਰੀਦਕੋਟ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਨਅਤੀ ਇਕਾਈ ਨੂੰ ਗੈਰਕਾਨੂੰਨੀ ਤਰੀਕੇ ਨਾਲ ਨਹੀਂ ਚੱਲਣ ਦਿੱਤਾ ਜਾਵੇਗਾ ਤੇ ਪ੍ਰਸ਼ਾਸਨ ਨਿਰਪੱਖ ਪੜਤਾਲ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕਰੇਗਾ।