ਗੁਰਪ੍ਰੀਤ ਦੌਧਰ
ਅਜੀਤਵਾਲ, 6 ਸਤੰਬਰ
ਢੁੱਡੀਕੇ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਬਾਬਾ ਪਾਖਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਨੂੰ ਤਾਲਾ ਲਾ ਕੇ ਧਰਨਾ ਲਗਾ ਦਿੱਤਾ। ਇਸ ਸੰਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲ ਜਸਵੀਰ ਕੌਰ ਦੀ ਪਿੰਡ ਬੋਪਾਰਾਏ ਕਲਾਂ ਤੋਂ ਪਿੰਡ ਢੁੱਡੀਕੇ ਦੇ ਇਸ ਸਕੂਲ ਵਿੱਚ ਬਦਲੀ ਕੀਤੀ ਗਈ ਹੈ ਤੇ ਉਨ੍ਹਾਂ ਨੇ ਭਲਕੇ ਜੁਆਇਨ ਕਰਨਾ ਹੈ ਪਰ ਪਿੰਡ ਵਾਸੀ ਉਨ੍ਹਾਂ ਨੂੰ ਸਕੂਲ ਵਿੱਚ ਵੜਨ ਨਹੀਂ ਦੇਣਗੇ, ਇਸ ਦਾ ਕਾਰਨ ਪ੍ਰਿੰਸੀਪਲ ਦਾ ਪਿਛਲਾ ਮਾੜਾ ਰਿਕਾਰਡ ਹੈ। ਇਸ ਤੋਂ ਪਹਿਲਾਂ ਪ੍ਰਿੰਸੀਪਲ ਨੂੰ ਬੱਸੀਆਂ, ਤਰਨ ਤਾਰਨ, ਆਲਮਗੀਰ ਤੇ ਬੋਪਾਰਾਏ ਤੋਂ ਬਦਲਿਆ ਜਾ ਚੁੱਕਾ ਹੈ। ਉਹ ਨਹੀਂ ਚਾਹੁੰਦੇ ਕਿ ਸਾਡੇ ਬੱਚਿਆਂ ਦੀ ਪੜ੍ਹਾਈ ’ਤੇ ਇਸ ਦਾ ਮਾੜਾ ਪ੍ਰਭਾਵ ਪਵੇ। ਉਨ੍ਹਾਂ ਐਲਾਨ ਕੀਤਾ ਕਿ ਉਹ ਪ੍ਰਿੰਸੀਪਲ ਨੂੰ ਜੁਆਇਨ ਨਹੀਂ ਕਰਨ ਦੇਣਗੇ, ਇਸ ਲਈ ਸਕੂਲ ਨੂੰ ਤਾਲਾ ਲਗਾ ਦਿੱਤਾ ਗਿਆ ਹੈ।ਮਾਸਟਰ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਸਮੇਂ ਸਕੂਲ ਦੇ ਵਧੀਆ ਰਿਜ਼ਲਟ ਆ ਰਹੇ ਹਨ ਅਤੇ ਖੇਡਾਂ ਵਿੱਚ ਵੀ ਸਕੂਲ ਦੇ ਬੱਚੇ ਮੋਹਰੀ ਹਨ। ਇਸ ਸਕੂਲ ਦਾ ਸਾਰਾ ਸਟਾਫ ਬਹੁਤ ਮਿਹਨਤੀ ਹੈ। ਸਕੂਲ ਦੇ ਸਟਾਫ ਮੈਂਬਰਾਂ ਨੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਚਿੱਠੀ ਲਿਖ ਕਿ ਕਿਹਾ ਹੈ ਕਿ ਜੇਕਰ ਇਸ ਪ੍ਰਿੰਸੀਪਲ ਨੂੰ ਜੁਆਇਨ ਕਰਵਾਉਣਾ ਹੈ ਤਾਂ ਸਾਰੇ ਸਟਾਫ ਦੀ ਬਦਲੀ ਕਰ ਦਿੱਤੀ ਜਾਵੇ। ਇਸ ਮੌਕੇ ਪੰਚਾਇਤ ਮੈਂਬਰ ਸੋਨੀ, ਮਾਸਟਰ ਗੁਰਚਰਨ ਸਿੰਘ, ਬਿੱਕਰ ਸਿੰਘ, ਗੁਰਮੇਲ ਸਿੰਘ, ਮਾਸਟਰ ਹਰੀ ਸਿੰਘ, ਜੈਕਬ, ਮੈਂਬਰ ਵੀਰ ਸਿੰਘ, ਰਿੱਕੀ, ਗੁਰਪ੍ਰੀਤ ਸਿੰਘ, ਦਰਸ਼ਪ੍ਰੀਤ ਸਿੰਘ, ਚਮਕੌਰ ਸਿੰਘ ਚੰਨੀ, ਸਮਸ਼ੇਰ ਸਿੰਘ ਤੇ ਸੂਬੇਦਾਰ ਮੇਜਰ ਸਿੰਘ ਤੋਂ ਇਲਾਵਾ ਵੱਖ ਵੱਖ ਕਲੱਬਾਂ ਦੇ ਮੈਂਬਰ ਹਾਜ਼ਰ ਸਨ।