ਖੇਤਰੀ ਪ੍ਰਤੀਨਿਧ
ਬਰਨਾਲਾ, 12 ਜੁਲਾਈ
ਸਥਾਨਕ ਧਨੌਲਾ ਰੋਡ ’ਤੇ ਸਥਿਤ ਗੁਰਸੇਵਕ ਨਗਰ ਬਰਨਾਲਾ ਵਿੱਚ ਗਰਚਾ ਨਰਸਰੀ ਸਾਹਮਣੇ ਵਾਟਰ ਸਪਲਾਈ ਦੀ ਪਾਈਪ ਲੀਕ ਹੋਣ ਕਾਰਨ ਨੇੜਲੇ ਵਾਸੀਆਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਰਪੇਸ਼ ਹਨ। ਮੁਹੱਲਾ ਵਾਸੀਆਂ ਚਰਨਜੀਤ ਸਿੰਘ, ਕੁਲਵਿੰਦਰ ਸਿੰਘ ਕਾਲਾ, ਕੁਲਦੀਪ ਸਿੰਘ, ਗੁਰਦੀਪ ਸਿੰਘ, ਜਗਤਾਰ ਸਿੰਘ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਹੀ ਸੀਵਰੇਜ ਵਿਭਾਗ ਵੱਲੋਂ ਪਾਣੀ ਦੇ ਨਿਕਾਸ ਲਈ ਪਾਈਪਾਂ ਪਾਈਆਂ ਗਈਆਂ ਸਨ। ਉਦੋਂ ਤੋਂ ਹੀ ਨੇੜਿਓਂ ਲੰਘਦੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ’ਚ ਲੀਕੇਜ਼ ਹੋ ਗਈ।
ਬਾਬਾ ਸ਼ੇਖ਼ ਫਰੀਦ ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਵੀ ਕਰਵਾ ਚੁੱਕੇ ਹਨ ਪਰ ਸਮੱਸਿਆ ਦਾ ਅਜੇ ਤੱਕ ਕੋਈ ਹੱਲ ਨਹੀ ਕੀਤਾ ਗਿਆ। ਸਕੂਲੀ ਬੱਚਿਆਂ ਨੂੰ ਵੀ ਚਿਕੜ ਭਰੀ ਸੜਕ ’ਚੋਂ ਗੁਜ਼ਰ ਕੇ ਸਕੂਲ ਪਹੁੰਚਣਾ ਪੈਂਦਾ ਹੈ।
ਇਸ ਸਬੰਧੀ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਦੇ ਐੱਸਡੀਓ ਸੁਰਿੰਦਰ ਕੁਮਾਰ ਨੇ ਜਲਦ ਸਮੱਸਿਆ ਦੂਰ ਕਰ ਦਿੱਤੇ ਜਾਣ ਦਾ ਭਰੋਸਾ ਦਿਵਾਇਆ।