ਪਵਨ ਗੋਇਲ
ਭੁੱਚੋ ਮੰਡੀ, 3 ਸਤੰਬਰ
ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਦੇ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਨੇ ਕੰਪਨੀ ਦੇ ਅਧਿਕਾਰੀਆਂ ਵੱਲੋਂ ਕੀਤਾ ਲਿਖਤੀ ਸਮਝੌਤਾ ਲਾਗੂ ਕਰਵਾਉਣ ਲਈ ਅੱਜ ਸਵੇਰੇ ਪਿੰਡ ਭੁੱਚੋ ਖੁਰਦ ਦੇ ਜਲ ਘਰ ਦੀ ਟੈਂਕੀ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੰਪਨੀ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਟੈਂਕੀ ’ਤੇ ਚੜ੍ਹੇ ਮੁਲਾਜ਼ਮਾਂ ਵਿੱਚ ਮਮਤਾ ਰਾਣੀ, ਸਟੈਫੀ ਕੌਰ, ਹਰਜਿੰਦਰ ਭੋਲਾ, ਬਲਜੀਤ ਸਿੰਘ, ਅਰਸ਼ਦੀਪ ਸਿੰਘ, ਮੁਸਤਾਕ ਖਾਂ, ਸੰਦੀਪ ਸਿੰਘ ਅਤੇ ਹਰਮਨ ਸਿੰਘ ਸ਼ਾਮਲ ਸਨ ਅਤੇ ਬਾਕੀ ਦੇ ਮੁਲਾਜ਼ਮਾਂ ਨੇ ਟੈਂਕੀ ਹੇਠ ਖੜ੍ਹ ਕੇ ਕਿਰਤੀ ਕਿਸਾਨ ਯੂਨੀਅਨ (ਮਹਿਲਾ ਵਿੰਗ) ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਰੀਆਂ ਅਤੇ ਪੱਖਿਆਂ ਆਦਿ ਦਾ ਪ੍ਰਬੰਧ ਕਰਕੇ ਮਸਲਾ ਹੱਲ ਹੋਣ ਤੱਕ ਟੈਂਕੀ ’ਤੇ ਡਟੇ ਰਹਿਣ ਦਾ ਐਲਾਨ ਕੀਤਾ। ਮੌਕੇ ’ਤੇ ਪਹੁੰਚੇ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਅਤੇ ਥਾਣਾ ਛਾਉਣੀ ਦੇ ਐੱਸਐੱਚਓ ਪਰਮ ਪਾਰਸ ਸਿੰਘ ਚਹਿਲ ਨੇ 6 ਸਤੰਬਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦੀ ਪੇਸ਼ਕਸ਼ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਉਹ ਮੀਟਿੰਗ ਲਈ ਤਿਆਰ ਹਨ ਪਰ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਸ਼ਾਮ ਤੱਕ ਗੱਲ ਕਿਸੇ ਸਿਰੇ ਨਹੀਂ ਲੱਗ ਸਕੀ।
ਇਸ ਮੌਕੇ ਬੈਸਟ ਪ੍ਰਾਈਸ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਨੇ ਕਿਹਾ ਕਿ ਵਾਲਮਾਰਟ ਕੰਪਨੀ ਨੇ ਕਿਸਾਨ ਅੰਦੋਲਨ ਦੌਰਾਨ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਪਰ ਕਿਸਾਨ ਜੱਥੇਬੰਦੀਆਂ ਦੇ ਸਹਿਯੋਗ ਨਾਲ ਲੜੇ ਸੰਘਰਸ਼ ਤੋਂ ਬਾਅਦ ਅਧਿਕਾਰੀਆਂ ਨੇ 1 ਅਕਤੂਬਰ 2021 ਨੂੰ ਮੁਲਾਜ਼ਮਾਂ ਨਾਲ ਲਿਖਤੀ ਸਮਝੌਤਾ ਕਰਕੇ ਨੌਕਰੀਆਂ ਬਹਾਲ ਕਰ ਦਿੱਤੀਆਂ ਸਨ। ਹੁਣ ਦੁਬਾਰਾ 13 ਜੁਲਾਈ ਨੂੰ ਕੰਪਨੀ ਨੇ ਲਗਭਗ 92 ਮੁਲਾਜ਼ਮਾਂ ਨੂੰ ਅਚਨਚੇਤ ਨੌਕਰੀ ਤੋਂ ਕੱਢ ਦਿੱਤਾ ਸੀ। ਉਸ ਦਿਨ ਤੋਂ ਹੀ ਮੁਲਾਜ਼ਮ ਨੌਕਰੀ ਬਹਾਲੀ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ।
ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਦੇ ਵੇਰਵੇ
ਮੁਲਾਜ਼ਮਾਂ ਨੇ ਮੰਗ ਕੀਤੀ ਕਿ ਅਕਤੂਬਰ 2021 ਵਿੱਚ ਕੀਤੇ ਸਮਝੌਤੇ ਤਹਿਤ ਮੁਲਾਜ਼ਮਾਂ ਨੂੰ ਬਠਿੰਡਾ ਵਿੱਚ ਕੰਮ ਦਿੱਤਾ ਜਾਵੇ। ਸਮਝੌਤੇ ਅਨੁਸਾਰ ਔਰਤਾਂ ਨੂੰ ਟੈਲੀ ਕਾਲਿੰਗ, ਪੁਰਸ਼ ਮੁਲਾਜ਼ਮਾਂ ਨੂੰ ਬਿਜਨਸ ਡਿਵੈਲਪਮੈਂਟ ਐਸੋਸੀਏਟ ਵਜੋਂ ਕੰਮ ਦੇ ਕੇ ਪਾਲਿਸੀ ਅਨੁਸਾਰ ਪੈਟਰੋਲ ਖਰਚਾ (ਟੀਏ/ਡੀਏ) ਦਿੱਤਾ ਜਾਵੇ ਅਤੇ ਪੰਜਾਬ ਦੇ ਹੋਰਨਾਂ ਮਾਲਾਂ ਵਿੱਚ ਸ਼ਿਫਟ ਹੋਣ ਦੇ ਚਾਹਵਾਨ ਮੁਲਾਜ਼ਮਾਂ ਦੇ ਰਹਿਣ ਦੇ ਪ੍ਰਬੰਧ ਦਾ ਖਰਚਾ ਸਮਝੌਤੇ ਅਨੁਸਾਰ ਮੁਆਵਜ਼ੇ ਦੇ ਰੂਪ ਵਿੱਚ ਦਿੱਤਾ ਜਾਵੇ।