ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ
ਪੰਜਾਬ ਸਰਕਾਰ ਵੱਲੋਂ ਚਾਰ ਮਹੀਨੇ ਪਹਿਲਾਂ ਸੇਵਾਮੁਕਤ ਪਟਵਾਰੀ ਭਰਤੀ ਗਏ ਸਨ। ਇਨ੍ਹਾਂ ਦੀ ਭਰਤੀ ਲਈ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਤਨਖਾਹ ਤੈਅ ਕੀਤੀ ਗਈ ਸੀ ਤੇ ਪਟਵਾਰੀਆਂ ਨੂੰ ਉਨ੍ਹਾਂ ਹਲਕਿਆਂ ਦਾ ਕੰਮ ਦਿੱਤਾ ਗਿਆ ਜਿਹੜੇ ਹਲਕੇ ਰੈਗੂਲਰ ਪਟਵਾਰੀਆਂ ਨੇ ਵਾਧੂ ਚਾਰਜ ਹੋਣ ਕਰ ਕੇ ਛੱਡ ਦਿੱਤੇ ਸਨ| ਜਾਣਕਾਰੀ ਮੁਤਾਬਿਕ ਸੇਵਾਮੁਕਤ ਪਟਵਾਰੀਆਂ ਨੇ ਚਾਰ ਮਹੀਨਿਆਂ ਤੋਂ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਹੈ ਪਰ ਅਜੇ ਤੱਕ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ| ਇਸ ਦੇ ਰੋਸ ਵਜੋਂ ਸੇਵਾਮੁਕਤ ਪਟਵਾਰੀਆਂ ਨੇ ਆਪਣੇ ਆਹੁਦਿਆਂ ਤੋਂ ਅਸਤੀਫਾ ਦੇਣ ਦੀ ਚਿਤਾਵਨੀ ਦਿੱਤੀ ਹੈ| ਸੇਵਾਮੁਕਤ ਪਟਵਾਰੀ ਜਥੇਬੰਦੀ ਦੇ ਸਾਬਕਾ ਸੂਬਾਈ ਆਗੂ ਇਕਬਾਲ ਸਿੰਘ, ਬਲਰਾਜ ਸਿੰਘ, ਭਾਨ ਚੰਦ, ਮੋਹਰ ਸਿੰਘ ਤੇ ਸੁਖਦੇਵ ਸਿੰਘ ਹੋਰਾਂ ਨੇ ਦੱਸਿਆ ਕਿ ਨੋਟੀਫਿਕੇਸ਼ਨ ਮੁਤਾਬਿਕ ਉਨ੍ਹਾਂ ਨੂੰ 35 ਹਜ਼ਾਰ ਰੁਪਏ ਦੀ ਥਾਂ ਇਕ ਪੈਸਾ ਤਨਖਾਹ ਵੀ ਨਹੀਂ ਆਈ| ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮਸਾਂ ਚੌਥਾ ਹਿੱਸਾ ਪਟਵਾਰੀ ਭਰਤੀ ਹੋਏ ਹਨ, ਪਰ ਹੁਣ ਚਾਰ ਮਹੀਨੇ ਬੀਤ ਜਾਣ ‘ਤੇ ਵੀ ਤਨਖਾਹ ਨਹੀਂ ਮਿਲੀ ਜਿਸ ਕਰਕੇ ਕਈ ਮੁਲਾਜ਼ਮ ਨੌਕਰੀ ਛੱਡ ਗਏ ਹਨ| ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਦੀਵਾਲੀ ਤੋਂ ਪਹਿਲਾਂ ਤਨਖਾਹ ਜਾਰੀ ਕੀਤੀ ਜਾਵੇ|