ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 28 ਜੂਨ
ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਸ਼ਹਿਰੀ ਤਰਜ ’ਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਬਿਨਾਂ ਕਿਸੇ ਵਿਤਕਰੇ ਦੇ ਦਿਲ ਖੋਲ੍ਹ ਕੇ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।
ਸ੍ਰੀ ਕਾਂਗੜ ਨੇ ਬਲਾਕ ਭਗਤਾ ਭਾਈ ਦੇ ਅੱਧੀ ਦਰਜਨ ਪਿੰਡਾਂ ਵਿੱਚ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਵੰਡਣ ਉਪਰੰਤ ਪਿੰਡਾਂ ਅੰਦਰ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਅਤੇ ਉਦਘਾਟਨ ਵੀ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ, ਛੱਪੜਾਂ ਦੀ ਸਾਫ-ਸਫਾਈ, ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਸ੍ਰੀ ਕਾਂਗੜ ਪਿੰਡ ਹਾਕਮ ਸਿੰਘ ਵਾਲਾ ਨੂੰ 46 ਲੱਖ, ਕੋਇਰ ਸਿੰਘ ਵਾਲਾ ਨੂੰ 73 ਲੱਖ, ਆਕਲੀਆ ਜਲਾਲ ਨੂੰ 11 ਲੱਖ, ਗੁਰੂਸਰ ਨੂੰ 39 ਲੱਖ 59 ਹਜ਼ਾਰ, ਕੇਸਰ ਸਿੰਘ ਵਾਲਾ ਨੂੰ 16 ਲੱਖ, ਬੁਰਜ ਲੱਧਾ ਸਿੰਘ ਵਾਲਾ ਨੂੰ 41 ਲੱਖ ਅਤੇ ਗੁੰਮਟੀ ਕਲਾਂ ਦੀ ਪੰਚਾਇਤ ਨੂੰ 33 ਲੱਖ ਰੁਪਏ ਦੀ ਗ੍ਰਾਂਟ ਦਿੱਤੀ।
ਵਿਧਾਇਕ ਆਵਲਾ ਨੇ ਨੀਂਹ ਪੱਥਰ ਰੱਖੇ
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਹਲਕਾ ਵਿਧਾਇਕ ਰਮਿੰਦਰ ਆਵਲਾ ਵੱਲੋਂ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਇਥੇ ਵਿਧਾਇਕ ਆਵਲਾ ਨੇ ਜਿੱਥੇ ਵੱਖ-ਵੱਖ ਵਾਰਡਾਂ ’ਚ ਕੌਂਸਲਰ ਤੇ ਹੋਰ ਵਰਕਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣੀਆਂ। ਇਸ ਤੋਂ ਇਲਾਵਾ ਨੂਰਪੁਰਾ ਤੇ ਅਲਿਆਣਾ ’ਚ ਵਿਕਾਸ ਕਾਰਜਾਂ ਦੇ ਨੀਹ ਪੱਥਰ ਵੀ ਰੱਖੇ। ਵਿਧਾਇਕ ਆਵਲਾ ਨੇ ਪਿੰਡ ਨੂਰਪੁਰਾ ’ਚ 3 ਲੱਖ 58 ਹਜਾਰ ਦਾ ਚੈੱਕ ਵਿਕਾਸ ਕਾਰਜਾਂ ਲਈ ਪੰਚਾਇਤ ਨੂੰ ਸੌਂਪਿਆ ਅਤੇ ਅਲਿਆਣਾ ’ਚ ਕਮਿਊਨਿਟੀ ਹਾਲ ਦਾ ਨੀਹ ਪੱਥਰ ਵੀ ਰੱਖਿਆ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ’ਚ ਨਿੱਤ ਵਾਧਾ ਕਰ ਕੇ ਕੇਂਦਰ ਸਰਕਾਰ ਤਿੰਨ ਮਹੀਨਿਆਂ ਤੋਂ ਲੋਕਾਂ ਵਿਹਲੇ ਬੈਠੇ ਲੋਕਾਂ ਦੀ ਬਾਹ ਫੜਣ ਦੀ ਬਜਾਏ ਉਨ੍ਹਾਂ ’ਤੇ ਆਰਥਿਕ ਬੋਝ ਪਾ ਰਹੀ ਹੈ। ਕੇਂਦਰ ਸਰਕਾਰ ਨੂੰ ਦੇਸ਼ ਦੀ ਜਨਤਾ ਤੇ ਥੋੜ੍ਹਾ ਤਰਸ ਖਾਣਾ ਚਾਹੀਦਾ ਹੈ ਤਾਂ ਜਨਤਾ ਦੀ ਆਰਥਿਕ ਪੱਟੀ ਲੀਹੇ ਚੜ੍ਹ ਸਕੇ।