ਗੁਰਪ੍ਰੀਤ ਦੌਧਰ
ਅਜੀਤਵਾਲ, 12 ਅਪਰੈਲ
ਨੌਜਵਾਨ ਭਾਰਤ ਸਭਾ ਜਾਗਰੂਕਤਾ ਮੁਹਿੰਮ ਤਹਿਤ 13 ਅਪਰੈਲ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਜੱਲ੍ਹਿਆਂਵਾਲਾ ਬਾਗ ਖੂਨੀ ਸਾਕੇ ਦੀ ਬਰਸੀ ਨੂੰ ਸਮਰਪਿਤ ਪਿੰਡ-ਪਿੰਡ ਇਨਕਲਾਬੀ ਨਾਟਕ ਅਤੇ ਭਾਸ਼ਣ ਕਰਵਾਏ ਜਾ ਰਹੇ ਹਨ। ਨੌਜਵਾਨ ਭਾਰਤ ਸਭਾ ਵੱਲੋਂ ਅੱਜ ਪਿੰਡ ਡਾਲਾ ਜ਼ਿਲ੍ਹਾ ਮੋਗਾ ਵਿੱਚ ਇਨਕਲਾਬੀ ਨਾਟਕ ਖੇਡਿਆ ਗਿਆ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਸਿੰਘ ਮਾਣੂੰਕੇ ਨੇ ਦੱਸਿਆ ਕਿ 13 ਅਪਰੈਲ ਨੂੰ ਪਿੰਡ ਰਾਜੇਆਣਾ ਅਤੇ ਸਮਾਲਸਰ ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ `ਤੇ ਇਨਕਲਾਬੀ ਨਾਟਕ ਖੇਡੇ ਜਾਣਗੇ। ਉਨ੍ਹਾਂ ਕਿਹਾ ਕਿ ਵਿਸਾਖੀ ਦਿਹਾੜੇ ’ਤੇ 13 ਅਪਰੈਲ, 1699 ’ਚ ਕਿਰਤ ਦੀ ਰਾਖੀ ਅਤੇ ਜ਼ੁਲਮ, ਜਾਤ- ਪਾਤ ਦੇ ਖ਼ਿਲਾਫ਼ ਸਾਜੇ ਗਏ ਖ਼ਾਲਸਾ ਪੰਥ ਅਤੇ 13 ਅਪਰੈਲ 1999 ਨੂੰ ਵਾਪਰੇ ਬਰਤਾਨਵੀ ਹਕੂਮਤ ਖ਼ਿਲਾਫ਼ ਕੌਮੀ ਮੁਕਤੀ ਘੋਲ ਦੇ ਸਿਖਰ ਜਲ੍ਹਿਆਂਵਾਲਾ ਬਾਗ ਖੂਨੀ ਕਾਂਡ ਦੇ ਬਾਰੇ ਵਿੱਚ ਅਤੇ ਇਤਿਹਾਸਕ ਜਾਣਕਾਰੀ ਨਾਲ ਭਰਪੂਰ ਨਾਟਕ ਪਿੰਡ ਪਿੰਡ ਖੇਡੇ ਜਾਣਗੇ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਕੁੱਲ ਲੋਕਾਈ ਨੂੰ ਭੁੱਖਮਰੀ ਦੀ ਦਲਦਲ ਚ ਸੁੱਟ ਦੇਣਗੇ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਮੈਂਬਰ ਰਾਮ ਆਸਰਾ ਸਿੰਘ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ।