ਖੇਤਰੀ ਪ੍ਰਤੀਨਿਧ
ਬਰਨਾਲਾ, 7 ਅਕਤੂਬਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਬਰਨਾਲਾ ਕਮੇਟੀ ਦੀ ਮੀਟਿੰਗ ਪ੍ਰਧਾਨ ਪਵਿੱਤਰ ਸਿੰਘ ਲਾਲੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਕਾਲਾ ਮੈਹਰ ਵਿਖੇ ਹੋਈ।
ਮੀਟਿੰਗ ਦੌਰਾਨ ਆਗੂ ਮੋਹਨ ਸਿੰਘ ਰੂੜੇਕੇ ਕਲਾਂ, ਮਨਜੀਤ ਰਾਜ, ਗੁਰਮੇਲ ਸਿੰਘ ਜਵੰਦਾ, ਗੁਰਪ੍ਰੀਤ ਸਿੰਘ ਗੋਪੀ, ਸੁਖਦੇਵ ਸਿੰਘ ਜੱਟ ਤੇ ਦਿਲਜੀਤ ਸਿੰਘ ਪੱਤੀ ਆਦਿ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਅਤੇ ਲਿਫ਼ਟਿੰਗ ਤੇ ਪਰਾਲੀ ਸਾੜਨ ਤੋਂ ਰੋਕਣ ਲਈ ਕੁਪ੍ਰਬੰਧਾਂ ਅਤੇ ਆਗਾਮੀ ਕਣਕ/ਆਲੂਆਂ ਦੀ ਬਿਜਾਈ ਸਮੇਂ ਲੋੜੀਂਦੇ ਡੀ.ਏ.ਪੀ ਖਾਦ ਸਪਲਾਈ ਦੇ ਨਾਕਸ ਪ੍ਰਬੰਧਾਂ ਕਾਰਨ ਕਿਸਾਨਾਂ ’ਚ ਰੋਸ ਹੈ।
ਆਗੂਆਂ ਕਿਹਾ ਕਿ ਸੂਬਾ ਪ੍ਰਧਾਨ ਡਾ.ਦਰਸ਼ਨਪਾਲ ਦੇ ਨਿਰਦੇਸ਼ ਅਧੀਨ 9 ਅਕਤੂਬਰ ਨੂੰ ਸੂਬੇ ਦੇ ਜਥੇਬੰਦੀ ਦੇ ਅਧਿਕਾਰ ਖੇਤਰਾਂ ਵਿਚਲੇ ਸਮੂਹ ਮੰਤਰੀਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨਿਆਂ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ ਸਥਾਨਕ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਸਥਾਨਕ ਲੱਖੀ ਕਲੋਨੀ ਵਿਖੇ ਸਥਿਤ ਦਫ਼ਤਰ 9 ਅਕਤੂਬਰ ਨੂੰ ਧਰਨਾ ਦਿੱਤਾ ਜਾਵੇਗਾ। ਇਸ ਪ੍ਰਦਰਸ਼ਨ ਉਪਰੰਤ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਵੀ ਸੌਂਪੇ ਜਾਣਗੇ।