ਪੱਤਰ ਪ੍ਰੇਰਕ
ਗਿੱਦੜਬਾਹਾ, 26 ਦਸੰਬਰ
ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਬਲਕਿ ਹਰ ਇਕ ਨੂੰ ਚੋਣਾਂ ਲੜਨ ਦਾ ਅਧਿਕਾਰ ਹੈ। ਇਹ ਪ੍ਰਗਟਾਵਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਗਿੱਦੜਬਾਹਾ ’ਚ 2.70 ਕਰੋੜ ਦੀ ਲਾਗਤ ਨਾਲ ਵਾਟਰ ਵਰਕਸ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਮਗਰੋਂ ਕੀਤਾ। ਰਾਜਾ ਵੜਿੰਗ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਖੇਤੀ ਕਾਨੂੰਨ ਵਾਪਸ ਆ ਸਕਦੇ ਹਨ, ਬਾਰੇ ਕਿਹਾ ਕਿ ਉਹ ਸ਼ੁਰੂ ਤੋਂ ਕਹਿ ਰਹੇ ਹਨ ਕਿ ਭਾਜਪਾ ’ਤੇ ਭਰੋਸਾ ਕਰਨਾ ਠੀਕ ਨਹੀਂ। ਬੀਤੇ ਦਿਨ ਅਕਾਲੀ ਦਲ ਨੇ ਕਾਂਗਰਸ ਦੀ ਦੋਦਾ ਰੈਲੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਸੀ ਕਿ ਵੜਿੰਗ ਨੇ ਰੈਲੀ ਲਈ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਰਤ ਕੇ ਵਿਭਾਗ ਨੂੰ 1.75 ਕਰੋੜ ਦਾ ਚੂਨਾ ਲਾਇਆ ਹੈ, ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਰਾਜਨੀਤਕ ਪਾਰਟੀਆਂ ਵੱਲੋਂ ਰੈਲੀਆਂ ਲਈ ਪ੍ਰਾਈਵੇਟ ਬੱਸਾਂ ਵਰਤੀਆਂ ਜਾਂਦੀਆਂ ਸਨ ਤੇ ਪੈਸਾ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਝੋਲੀ ਪੈਂਦਾ ਸੀ ਪਰ ਇਸ ਵਾਰ ਉਨ੍ਹਾਂ ਉਹ ਰਕਮ ਪੀ.ਆਰ.ਟੀ.ਸੀ. ਨੂੰ ਦਿੱਤੀ ਹੈ ਤੇ ਰੈਲੀ ਲਈ ਵਰਤੀਆਂ ਬੱਸਾਂ ਦੇ ਪੈਸੇ ਦਾ ਭੁਗਤਾਨ ਕੀਤਾ ਹੈ। ਜੇ ਅਕਾਲੀ ਦਲ ਚਾਹੇ ਤਾਂ ਉਹ ਉਨ੍ਹਾਂ ਨੂੰ ਇਸ ਦੀ ਰਸੀਦ ਵੀ ਦੇ ਸਕਦੇ ਹਨ।ਵਾਟਰ ਵਰਕਸ ਦੇ ਨਵੀਨੀਕਰਨ ਬਾਰੇ ਰਾਕੇਸ਼ ਮੋਹਨ ਮੱਕੜ ਐਸ.ਡੀ.ਓ. ਨੇ ਦੱਸਿਆ ਕਿ ਇਸ ਨਾਲ ਕਲੀਅਰ ਟੈਂਕ ਤੇ ਹੋਰ ਟੈਂਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਢੇ ਚਾਰ ਸਾਲਾਂ ਦੌਰਾਨ ਸੀਵਰੇਜ ਤੇ ਵਾਟਰ ਸਪਲਾਈ ਤੇ 21 ਕਰੋੜ ਦੀ ਰਾਸ਼ੀ ਖਰਚ ਕੀਤੀ ਹੈ ਤੇ ਸ਼ਹਿਰ ਦੀ 97 ਫ਼ੀਸਦੀ ਅਬਾਦੀ ਨੂੰ ਪੀਣ ਵਾਲਾ ਪਾਣੀ ਮਿਲ ਰਿਹਾ ਹੈ, ਜੋ 5 ਸਾਲ ਪਹਿਲਾਂ 62 ਫ਼ੀਸਦੀ ਸੀ। ਇਸ ਤੋਂ ਇਲਾਵਾ ਸ਼ਹਿਰ ’ਚ ਵਾਟਰ ਸਪਲਾਈ ਦੀਆਂ 40 ਸਾਲ ਪੁਰਾਣੀਆਂ ਪਾਈਪਾਂ ਬਦਲੀਆਂ ਜਾ ਰਹੀਆਂ ਹਨ।