ਗੋਨਿਆਣਾ ਮੰਡੀ (ਮਨੋਜ ਸ਼ਰਮਾ): ਪਿੰਡ ਨੇਹੀਆਂਵਾਲਾ ਤੋਂ ਸਿਵੀਆਂ ਪਿੰਡ ਤੱਕ ਰੇਲਵੇ ਲਾਈਨ ਦੇ ਨਾਲ ਲੱਗਦੇ ਕੱਚੇ ਰਾਹ ਨੂੰ ਵੀ ਪੱਕਾ ਕਰਨ ਦੀ ਮਿਆਦ ਆ ਗਈ ਹੈ। ਲਾਹੌਰੀ ਰਾਹ ਵਜੋਂ ਜਾਣੇ ਜਾਂਦੇ ਇਸ ਕੱਚੇ ਰਾਹ ‘ਤੇ ਹੁਣ ਪੰਜਾਬ ਸਰਕਾਰ ਵੱਲੋਂ ਸੜਕ ਬਣਾਈ ਜਾ ਰਹੀ ਹੈ। ਡੇਢ ਕਰੋੜ ਦੀ ਲਾਗਤ ਨਾਲ ਕੱਚੇ ਰਾਹ ਨੂੰ ਸੜਕ ਬਨਾਉਣ ਦੇ ਕਾਰਜ ਦਾ ਨੀਂਹ ਪੱਥਰ ਹਲਕਾ ਭੁੱਚੋ ਮੰਡੀ ਦੇ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਪਿੰਡ ਨੇਹੀਆਂਵਾਲਾ ਵਿੱਚ ਇਸ ਸੜਕ ਦੀ ਹੱਦ ‘ਤੇ ਰੱਖਿਆ ਗਿਆ। ਜ਼ਿਕਰਯੋਗ ਹੈ ਅੱਜ ਵਿਧਾਇਕ ਨੇ ਪਿੰਡ ਮਹਿਮਾ ਸਰਜਾ ਤੋਂ ਕੱਚੇ ਰਸਤੇ ਨੂੰ ਇਤਿਹਾਸਕ ਨਗਰ ਲੱਖੀ ਜੰਗਲ ਸਾਹਿਬ ਨਾਲ ਜੋੜਨ ਲਈ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਅਕਾਲੀ ਸਰਕਾਰ ਦੀ ਨਿੰਦਾ ਕੀਤੀ ਤੇ ਕਿਹਾ ਕਿ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਗਤੀਸ਼ੀਲ ਅਗਵਾਈ ਹੇਠ ਇਸ 5 ਕਿਲੋਮੀਟਰ ਦੇ ਕੱਚੇ ਰਾਹ ਨੂੰ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਸੜਕ ਬਣਾਇਆ ਜਾ ਰਿਹਾ ਹੈ। ਇਹ ਸੜਕ ਨੇਹੀਆਂਵਾਲਾ ਤੋਂ ਪਿੰਡ ਸਿਵੀਆਂ ਦੇ ਰਜਬਾਹੇ ਤੱਕ ਬਣਾਈ ਜਾਵੇਗੀ।। ਇਸ ਮੌਕੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਪੰਚਾਇਤ ਸਕੱਤਰ ਅਰਵਿੰਦ ਗਰਗ ਮੌਜੂਦ ਸਨ।