ਲਖਵਿੰਦਰ ਸਿੰਘ
ਮਲੋਟ, 17 ਅਗਸਤ
ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਿੱਚ ਨਸ਼ਾ ਤਸਕਰੀ ਵਧਣ ਅਤੇ ਓਵਰਡੋਜ਼ ਕਾਰਨ ਹੋਈਆਂ ਮੌਤਾਂ ਉਪਰੰਤ ਸਥਾਨਕ ਪੁਲੀਸ ਨੇ ਨਸ਼ੇ ਦਾ ਕਥਿਤ ਗੜ੍ਹ ਮੰਨੇ ਜਾਂਦੇ ਮੁਹੱਲੇ ‘ਛੱਜਘੜ’ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਹਨ ਅਤੇ ਹਰ ਆਉਣ-ਜਾਣ ਵਾਲੇ ਵਿਅਕਤੀ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੁਝ ਵੀਡੀਓਜ਼ ਵਾਇਰਲ ਹੋਈਆਂ ਸਨ, ਜਿਸ ਵਿੱਚ ਨਸ਼ੇੜੀ ਦੱਸ ਰਹੇ ਸਨ ਕਿ ਉਹ ਮੁਹੱਲਾ ਛੱਜਘੜ ’ਚੋਂ ਨਸ਼ੇ ਦੀ ਖਰੀਦ ਕਰਦੇ ਹਨ। ਉਪਰੰਤ ਪੁਲੀਸ ਨੇ ਦਰਜਨ ਕਥਿਤ ਨਸ਼ਾ ਤਸਕਰਾਂ ’ਤੇ ਕੇਸ ਦਰਜ ਕੀਤਾ ਸੀ। ਅੱਜ ਇਸ ਮਹੱਲੇ ਦੇ ਨੇੜਿਓਂ ਇਕ ਹੋਰ ਨੌਜਵਾਨ ਨੂੰ 3 ਗਰਾਮ ਹੈਰੋਇਨ ਸਮੇਤ ਕਾਬੂ ਕਰਕੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਸ ਖੇਤਰ ਵਿਚ ਚੌਕਸੀ ਵਧਾਈ ਹੋਈ ਹੈ। ਲੋਕਾਂ ਨੇ ਜ਼ਿਲ੍ਹਾ ਪੁਲੀਸ ਕਪਤਾਨ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਪੱਕੇ ਨਾਕੇ ਲਗਾਏ ਜਾਣ।