ਇਕਬਾਲ ਸਿੰਘ ਸ਼ਾਂਤ
ਲੰਬੀ, 2 ਜਨਵਰੀ
ਖੇਤੀ ਕਾਨੂੰਨਾਂ ਖਿਲਾਫ ਅੱਜ ਪਿੰਡ ਬਾਦਲ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ ਅਤੇ ਮੁਲਾਜ਼ਮਾਂ ਨੇ ਕੜਾਕੇ ਦੀ ਸਰਦੀ ਵਿੱਚ ਭਰਵਾਂ ਰੋਸ ਮਾਰਚ ਕਰ ਕੇ ਸਿਆਸੀ ਪਿੰਡ ਦੀਆਂ ਫਿਜ਼ਾ ਨੂੰ ਗਰਮਾ ਦਿੱਤਾ। ਇਸ ਮੌਕੇ ਅਪਾਹਜ ਨੌਜਵਾਨ ਸੁਖਚੈਨ ਸਿੰਘ ਅਤੇ ਖੇਤ ਮਜ਼ਦੂਰ ਨੌਜਵਾਨ ਗੁਰਵਿੰਦਰ ਸਿੰਘ ਨੇ ਨੰਗੇ ਧੜ ਪ੍ਰਦਰਸ਼ਨ ਕਰਦੇ ਹੋਏ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਮਾਰਚ ਗੱਗੜ ਰੋਡ ਅੱਡੇ ਤੋਂ ਸ਼ੁਰੂ ਹੋ ਕੇ ਵੱਖ-ਵੱਖ ਗਲੀਆਂ ਮੁਹੱਲਿਆਂ ’ਚੋਂ ਲੰਘਦਾ ਹੋਇਆ ਗੁਰਦੁਆਰੇ ਕੋਲ ਸਮਾਪਤ ਹੋਇਆ। ਇਸਦੇ ਇਲਾਵਾ ਲੰਬੀ ਹਲਕੇ ’ਚ ਖੁੱਡੀਆਂ ਗੁਲਾਬ ਸਿੰਘ ਅਤੇ ਖਿਉਵਾਲੀ ਦੇ ਕਿਸਾਨ ਅਤੇ ਨੌਜਵਾਨ ਦਿੱਲੀ ਫਾਜ਼ਿਲਕਾ ਕੌਮੀ ਸੜਕ ’ਤੇ ਹੱਥਾਂ ਵਿੱਚ ਤਖਤੀਆਂ ਫੜ ਕੇ ਖੇਤੀ ਕਾਨੂੰਨਾਂ ਖਿਲਾਫ ਡਟੇ ਰਹੇ। ਪਿੰਡ ਗੱਗੜ ਅਤੇ ਖਿਉਵਾਲੀ ’ਚ ਵੀ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਪਿੰਡ ਬਾਦਲ ਵਿੱਚ ਰੋਸ ਮਾਰਚ ਮੌਕੇ ਭਾਕਿਯੂ (ਏਕਤਾ) ਉਗਰਾਹਾਂ ਦੇ ਬਲਾਕ ਲੰਬੀ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਕਿਲਿਆਂਵਾਲੀ ਨੇ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਸੰਕਟ ਦਾ ਸ਼ਿਕਾਰ ਕਿਸਾਨੀ ਲਈ ਮੌਤ ਦੇ ਵਰੰਟ ਹਨ। ਪੰਜਾਬ ਖੇਤ ਮਜ਼ਦੂਰ ਬਲਾਕ ਲੰਬੀ ਦੇ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਮੋਦੀ ਹਕੂਮਤ ਦੇ ਕਾਲੇ ਕਾਨੂੰਨ ਕਿਸਾਨਾਂ ਦੇ ਨਾਲ ਹੀ ਖੇਤ ਮਜ਼ਦੂਰਾਂ ਦੇ ਵੀ ਖੇਤੀ ਖੇਤਰ ਵਿੱਚੋਂ ਉਜਾੜੇ ਦਾ ਸਬੱਬ ਬਣਨਗੇ।