ਮਨੋਜ ਸ਼ਰਮਾ
ਬਠਿੰਡਾ, 17 ਨਵੰਬਰ
ਕਣਕ ਦੀ ਬਿਜਾਈ ਦੇ ਸੀਜ਼ਨ ਦੇ ਅੰਤ ’ਤੇ ਮਾਲਵਾ ਖੇਤਰ ਵਿੱਚ ਕਿਸਾਨ ਅਜੇ ਵੀ ਡੀਏਪੀ (ਡਾਇਮੋਨੀਅਮ ਫਾਸਫੇਟ) ਖਾਦ ਦੀ ਘਾਟ ਨਾਲ ਜੂਝ ਰਹੇ ਹਨ। ਜ਼ਿਆਦਾਤਰ ਸਹਿਕਾਰੀ ਸਭਾਵਾਂ ਅੰਦਰ ਡੀਏਪੀ ਖਾਦ ਦਾ ਸੋਕਾ ਹੋਣ ਕਰ ਹੋਣ ਕਾਰਨ ਕਿਸਾਨ ਕਣਕ ਦੀ ਬਿਜਾਈ ਸ਼ੁਰੂ ਕਰਨ ਲਈ ਹਾਲੇ ਤੱਕ ਭੱਜ-ਦੌੜ ਕਰ ਰਹੇ ਹਨ। ਬਠਿੰਡਾ ਦੀ ਦਾਣਾ ਮੰਡੀ ਵਿੱਚ ਅੱਜ ਇਫਕੋ ਦੇ ਸੈਂਟਰ ਵਿੱਚ ਸਵੇਰ ਤੋਂ ਹੀ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ।
ਭਾਗੂ ਪਿੰਡ ਦੇ ਕਿਸਾਨ ਬਾਦਲ ਸਿੰਘ ਨੇ ਕਿਹਾ ਕਿ ਉਹ ਸਵੇਰੇ 5 ਵਜੇ ਤੋਂ ਲਾਈਨ ਵਿਚ ਖੜ੍ਹਾ ਹੈ। ਕਿਸਾਨ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਸਿਰਫ਼ ਪਰਚੀਆਂ ਹੀ ਦਿੱਤੀਆਂ ਹਨ ਹਾਲੇ ਤੱਕ ਖਾਦ ਨਹੀਂ ਵੰਡੀ ਗਈ। ਪਿੰਡ ਨਰੂਆਣਾ ਤੋਂ ਆਇਆ ਵੀਲ੍ਹ ਚੇਅਰ ’ਤੇ ਬੈਠਾ ਬਾਬਾ ਖਾਦ ਲਾਈਨ ਲਈ ਜੱਦੋ-ਜਹਿਦ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਕਣਕ ਦੀ ਬਿਜਾਈ ਦਾ ਸੀਜ਼ਨ ਅਕਸਰ ਨਵੰਬਰ ਦੇ ਤੀਜੇ ਹਫ਼ਤੇ ਤੋਂ ਬਾਅਦ ਖ਼ਤਮ ਹੋ ਜਾਂਦਾ ਹੈ ਪਰ ਡੀਏਪੀ ਦੀ ਘਾਟ ਕਾਰਨ ਵੱਡੀ ਗਿਣਤੀ ਕਿਸਾਨ ਇਸ ਸੀਜ਼ਨ ਵਿੱਚ ਸਮੇਂ ਸਿਰ ਬਿਜਾਈ ਸ਼ੁਰੂ ਨਾ ਕਰ ਸਕਣ ਕਾਰਨ ਕਾਫ਼ੀ ਪ੍ਰੇਸ਼ਾਨ ਹਨ ਅਤੇ ਖਾਦ ਲੈਣ ਲਈ ਧੱਕੇ ਖਾ ਰਹੇ ਹਨ। ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸੁਸਾਇਟੀਆਂ ਵਿੱਚ ਡੀਏਪੀ ਦੀ ਲੋੜੀਂਦੀ ਸਪਲਾਈ ਹੈ ਅਤੇ ਉਹ ਇਸ ਨੂੰ ਪੜਾਅਵਾਰ ਵੰਡ ਰਹੇ ਹਨ।
ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਨੁਮਾਇੰਦੇ ਨੇ ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਹਾਲੇ ਵੀ ਸੰਕਟ ਹੈ ਤੇ 100 ਤੋਂ ਵੱਧ ਸਹਿਕਾਰੀ ਸਭਾਵਾਂ ਖਾਦ ਦੀ ਥੁੜ੍ਹ ਚੱਲ ਰਹੀ ਹੈ। ਜ਼ਿਕਰਯੋਗ ਹੈ ਹੁਣ ਤੱਕ ਕਿਸਾਨਾਂ ਨੂੰ ਡੀਏਪੀ ਖਾਦ ਦਾ ਲਗਭਗ 50 ਫੀਸਦੀ ਹਿੱਸਾ ਵੰਡਿਆ ਜਾ ਸਕਿਆ ਹੈ ਜਦਕਿ ਕਣਕ ਦੀ ਬਿਜਾਈ ਦਾ ਸੀਜ਼ਨ ਦੋ ਹਫ਼ਤਿਆਂ ਬਾਅਦ ਖ਼ਤਮ ਹੋਣ ਵਾਲਾ ਹੈ। ਭਾਵੇਂ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਲਈ ਲਈ 70 ਫ਼ੀਸਦੀ ਕਰ ਦਿੱਤਾ ਗਿਆ ਹੈ ਪਰ ਬਾਜ਼ਾਰਾਂ ਅੰਦਰ ਹਾਲੇ ਵੀ ਮਾਰੋ ਮਾਰ ਦਾ ਮਾਹੌਲ ਹੈ ਅਤੇ ਖੇਤੀਬਾੜੀ ਮਹਿਕਮਾ ਕਿਸਾਨਾਂ ਨੂੰ ਕਤਾਰਾਂ ਵਿੱਚ ਖੜ੍ਹਾ ਕੇ ਡੀਲਰਾਂ ਕੋਲੋਂ ਖਾਦ ਵੰਡਵਾ ਰਿਹਾ ਹੈ। ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ ਤਕਰੀਬਨ 30 ਤੋਂ 35 ਫੀਸਦੀ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਹੈ ਜਦਕਿ ਕਿਸਾਨਾਂ ਦਾ ਵੱਡਾ ਵਰਗ ਅਜੇ ਵੀ ਡੀਏਪੀ ਦੀ ਉਡੀਕ ਕਰ ਰਿਹਾ ਹੈ ।
ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪਹਿਲਾਂ ਵੀ ਡੀਏਪੀ ਖਾਦ ਬਾਰੇ ਉਹ ਮੀਟਿੰਗ ਕਰ ਚੁੱਕੇ ਸਨ ਤੇ ਅੱਜ ਹੋਈ ਮੀਟਿੰਗ ਵਿੱਚ ਵੀ ਡੀਏਪੀ ਖਾਦ ਬਾਰੇ ਆਵਾਜ਼ ਬੁਲੰਦ ਕੀਤੀ ਗਈ ਹੈ।