ਨਿੱਜੀ ਪੱਤਰ ਪ੍ਰੇਰਕ
ਮਾਨਸਾ, 15 ਅਕਤੂਬਰ
ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਹੁੰਦਿਆਂ ਹੀ ਮਾਨਸਾ ਦੀ ਮੰਡੀ ’ਚ ਨਰਮੇ ਦੀ ਫ਼ਸਲ ਦੀ ਆਮਦ ਤੇਜ਼ ਹੋ ਗਈ ਹੈ। ਅੱਜ ਮਾਨਸਾ ਮੰਡੀ ’ਚ ਨਰਮੇ ਨਾਲ ਭਰੀਆਂ ਵੱਡੀ ਗਿਣਤੀ ਟਰਾਲੀਆਂ ਪੁੱਜੀਆਂ। ਮੁੱਖ ਅਨਾਜ ਮੰਡੀ ਅੱਗੇ ਸਿਰਸਾ ਰੋਡ ’ਤੇ ਨਰਮੇ ਦੀਆਂ ਟਰਾਲੀਆਂ ਦੀ ਚਾਰ ਕਿੱਲੋਮੀਟਰ ਲੰਮੀ ਕਤਾਰ ਲੱਗ ਗਈ। ਕਿਸਾਨ ਪਹਿਲਾਂ ਵਾਰੀ ਮਿਲਣ ਦੀ ਕਾਹਲ ’ਚ ਅੱਧੀ ਅੱਧੀ ਰਾਤ ਨੂੰ ਹੀ ਆ ਕੇ ਕਤਾਰ ’ਚ ਜਾ ਲੱਗਦੇ ਹਨ। ਪਿੰਡ ਜਟਾਣਾ ਖ਼ੁਰਦ ਤੋਂ ਆਏ ਗੁਰਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਰਾਤ ਬਾਰਾਂ ਵਜੇ ਦੇ ਦਾਣਾ ਮੰਡੀ ਅੱਗੇ ਖੜ੍ਹੇ ਹਨ। ਪਿੰਡ ਮਾਖਾ ਤੋਂ ਆਏ ਕਰਤਾਰ ਸਿੰਘ ਤੇ ਬੋਘ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਚਾਰ ਵਜੇ ਆਏ ਸਨ, ਪਰ ਉਨ੍ਹਾਂ ਤੋਂ ਪਹਿਲਾਂ 200 ਤੋਂ ਵੀ ਜ਼ਿਆਦਾ ਟਰਾਲੀਆਂ ਕਤਾਰ ’ਚ ਖੜ੍ਹੀਆਂ ਸਨ। ਉਨ੍ਹਾਂ ਦੱਸਿਆ ਕਿ ਜਿਸ ਹਿਸਾਬ ਨਾਲ ਖਰੀਦ ਚੱਲ ਰਹੀ ਹੈ ਉਨ੍ਹਾਂ ਨੂੰ ਅੱਜ ਦੀ ਰਾਤ ਵੀ ਵਾਰੀ ਦੀ ਉਡੀਕ ’ਚ ਹੀ ਲੰਘਾਉਣੀ ਪਵੇਗੀ। ਅੱਜ ਮੰਡੀ ’ਚ 7010 ਕੁਇੰਟਲ ਨਰਮਾ ਪੁੱਜਿਆ, ਜਿਸ ਦਾ ਵੱਧ ਤੋਂ ਵੱਧ ਭਾਅ 5450 ਰੁਪਏ ਰਿਹਾ। ਕਿਸਾਨਾਂ ਨੇ ਦੱਸਿਆ ਕਿ ਸਰਕਾਰੀ ਭਾਅ 5725 ਤੋਂ ਵੀ ਜ਼ਿਆਦਾ ਮਿਥਿਆ ਗਿਆ ਹੈ, ਪਰ ਵਿਕਰੀ 5400 ਤੋਂ ਸ਼ੁਰੂ ਹੁੰਦੀ ਹੈ। ਇਸ ਤਰੀਕੇ ਹਰ ਕਿਸਾਨ ਨੂੰ ਪ੍ਰਤੀ ਕੁਇੰਟਲ 200 ਤੋਂ 400 ਰੁਪਏ ਦੀ ਮਾਰ ਪੈ ਰਹੀ ਹੈ। ਪ੍ਰਾਈਵੇਟ ਮਿੱਲਾਂ ਵਾਲੇ ਨਰਮੇ ਦੀ ਖਰੀਦ ਪੰਜ ਹਜ਼ਾਰ ਰੁਪਏ ਹੀ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਮਾਨਸਾ ਦੀ ਮੰਡੀ ’ਚ ਹੁਣ ਤੱਕ 42919 ਕੁਇੰਟਲ ਨਰਮਾ ਪਹੁੰਚ ਚੁੱਕਾ ਹੈ, ਜਿਸ ਵਿੱਚੋਂ ਸਰਕਾਰੀ ਏਜੰਸੀ ਸੀਸੀਆਈ ਨੇ 14424 ਕੁਇੰਟਲ ਨਰਮੇ ਦੀ ਖਰੀਦ ਕੀਤੀ ਹੈ ਜਦਕਿ ਪ੍ਰਾਈਵੇਟ ਮਿੱਲ ਮਾਲਕਾਂ ਨੇ 28495 ਕੁਇੰਟਲ ਨਰਮਾ ਖ਼ਰੀਦਿਆ ਹੈ। ਮਾਰਕੀਟ ਕਮੇਟੀ ਦੇ ਸਕੱਤਰ ਚਮਕੌਰ ਸਿੰਘ ਨੇ ਦੱਸਿਆ ਕਿ ਸਹੀ ਕੀਮਤ ਲਈ ਨਰਮੇ ’ਚ ਨਮੀ ਦਾ ਪੱਧਰ 8 ਫ਼ੀਸਦ ਹੋਣਾ ਚਾਹੀਦਾ ਹੈ, ਪਰ ਇਸ ਵਕਤ ਨਰਮੇ ’ਚ ਨਮੀ ਦਾ ਪੱਧਰ 12 ਫੀਸਦ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਦੱਸਿਆ ਅੱਜ ਸਭ ਤੋਂ ਚੰਗੇ ਨਰਮੇ ਦਾ ਭਾਅ 5529 ਰੁਪਏ ਰਿਹਾ।