ਜਸਵੰਤ ਜੱਸ
ਫਰੀਦਕੋਟ, 14 ਜੁਲਾਈ
ਸੀਵਰੇਜ ਬੋਰਡ ਪੰਜਾਬ ਨੇ ਫ਼ਰੀਦਕੋਟ ਸ਼ਹਿਰ ਵਿੱਚ ਸੀਵਰੇਜ ਸਿਸਟਮ ਪਾਉਣ ਵਾਲੀ ਕੰਪਨੀ ਨੂੰ ਕੰਮ ਵਿੱਚ ਗੰਭੀਰ ਊਣਤਾਈਆਂ ਹੋਣ ਅਤੇ ਕੰਮ ਲਮਕਾਉਣ ਦਾ ਕਸੂਰਵਾਰ ਮੰਨਦਿਆਂ 10 ਕਰੋੜ ਰੁਪਏ ਜੁਰਮਾਨਾ ਪਾਇਆ ਹੈ। ਇਸ ਦੇ ਨਾਲ ਹੀ ਸੀਵਰੇਜ ਬੋਰਡ ਨੇ ਸੀਵਰੇਜ ਪੈਣ ਤੋਂ ਬਾਅਦ ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲਾਉਣ ਅਤੇ ਘਰਾਂ ਨੂੰ ਕੁਨੈਕਸ਼ਨ ਦੇਣ ਦਾ ਕੰਮ ਵੀ ਕੰਪਨੀ ਤੋਂ ਵਾਪਸ ਲੈ ਲਿਆ ਹੈ। ਇਹ ਪ੍ਰਾਜੈਕਟ ਹੁਣ ਹੋਰ ਕੰਪਨੀਆਂ ਨੂੰ ਦਿੱਤਾ ਜਾਵੇਗਾ ਅਤੇ ਇਸ ਮਕਸਦ ਲਈ ਬੋਰਡ ਨੇ ਨਵੀਆਂ ਕੰਪਨੀਆਂ ਤੋਂ ਟੈਂਡਰ ਵੀ ਮੰਗ ਲਏ ਹਨ।
ਸੂਚਨਾ ਅਨੁਸਾਰ ਸ਼ਪੂਰਜੀ ਪਲੌਂਜੀ ਪ੍ਰਾ. ਲਿਮ. ਕੰਪਨੀ ਵੱਲੋਂ ਫਰੀਦਕੋਟ ਸ਼ਹਿਰ ਵਿੱਚ 134 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰਾਜੈਕਟ 31 ਦਸੰਬਰ 2017 ਵਿੱਚ ਮੁਕੰਮਲ ਕੀਤਾ ਜਾਣਾ ਸੀ ਪ੍ਰੰਤੂ ਕੰਮ ਮੁਕੰਮਲ ਹੋਣ ਦੀ ਅੰਤਿਮ ਮਿਤੀ ਤੋਂ ਦੋ ਸਾਲ ਬਾਅਦ ਤੱਕ ਵੀ ਕੰਪਨੀ ਸਿਰਫ਼ 60 ਫ਼ੀਸਦੀ ਕੰਮ ਹੀ ਮੁਕੰਮਲ ਕਰ ਸਕੀ। 40 ਫ਼ੀਸਦੀ ਕੰਮ ਅਜੇ ਵਿਚਾਲੇ ਪਿਆ ਹੈ ਅਤੇ ਕੰਪਨੀ ਇਸ ਕੰਮ ਨੂੰ ਮੁਕੰਮਲ ਕਰਨ ਲਈ ਕੋਈ ਦਿਲਚਸਪੀ ਨਹੀਂ ਦਿਖਾ ਰਹੀ। ਸੀਵਰੇਜ ਬੋਰਡ ਨੇ ਪ੍ਰਾਜੈਕਟ ਨੂੰ ਜਲਦ ਮੁਕੰਮਲ ਕਰਨ ਲਈ ਪਲੌਂਜੀ ਗਰੁੱਪ ਨੂੰ 250 ਲਿਖਤੀ ਨੋਟਿਸ ਜਾਰੀ ਕੀਤੇ ਜਿਨ੍ਹਾਂ ਵਿੱਚੋਂ ਕੰਪਨੀ ਨੇ ਸਿਰਫ਼ 10 ਨੋਟਿਸਾਂ ਦਾ ਹੀ ਜਵਾਬ ਦਿੱਤਾ।
ਕੰਪਨੀ ਦੇ ਕੰਮ ਅਤੇ ਰਵੱਈਏ ਨੂੰ ਗੈਰ ਤਸੱਲੀਬਖਸ਼ ਮੰਨਦਿਆਂ ਇਸ ਕੰਪਨੀ ਨੂੰ 10 ਕਰੋੜ ਰੁਪਏ ਜੁਰਮਾਨਾ ਲਾਇਆ ਗਿਆ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਾਜੈਕਟ ਨੂੰ ਤੁਰੰਤ ਮੁਕੰਮਲ ਕਰਨ ਲਈ ਸੀਵਰੇਜ ਦੇ ਕੁਝ ਕੰਮਾਂ ਲਈ ਨਵੇਂ ਟੈਂਡਰ ਮੰਗੇ ਗਏ ਹਨ ਅਤੇ ਜਲਦ ਹੀ ਨਵੀਆਂ ਕੰਪਨੀਆਂ ਨੂੰ ਕੰਮ ਸੌਂਪ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੀਵਰੇਜ ਪ੍ਰਾਜੈਕਟ ਲਈ ਲੋੜੀਂਦੇ ਫੰਡ ਪੰਜਾਬ ਸਰਕਾਰ ਨੇ ਪਹਿਲਾਂ ਹੀ ਮੁਹੱਈਆ ਕਰਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਗਲੇ ਛੇ ਮਹੀਨਿਆਂ ਵਿੱਚ ਸਾਰੇ ਪ੍ਰਾਜੈਕਟ ਹਰ ਹਾਲਤ ਵਿੱਚ ਮੁਕੰਮਲ ਕਰ ਲਏ ਜਾਣਗੇ।