ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਜੁਲਾਈ
ਸੂਬੇ ਦੀਆਂ ਮੰਡੀਆਂ ’ਚ ਸਮਰਥਨ ਮੁੱਲ ਤੋਂ ਘੱਟ ਭਾਅ ’ਤੇ ਮੱਕੀ ਵਿਕਣ ਨਾਲ ਕਿਸਾਨੀ ਨੂੰ ਵੱਡਾ ਰਗੜਾ ਝੱਲਣਾ ਪੈ ਰਿਹਾ ਹੈ। ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਪ੍ਰਾਈਵੇਟ ਵਪਾਰੀਆਂ ’ਤੇ ਹੀ ਨਿਰਭਰ ਹਨ। ਮੰਡੀਆਂ ਵਿੱਚ ਪੰਜ ਸੌ ਰੁਪਏ ਪ੍ਰਤੀ ਕੁਇੰਟਲ ਘੱਟ ਭਾਅ ’ਤੇ ਮੱਕੀ ਵਿਕਣ ਨਾਲ ਅੰਨਦਾਤਾ ਨੂੰ ਵੱਡੀ ਆਰਥਿਕ ਸੱਟ ਵੱਜ ਰਹੀ ਹੈ।
ਸਥਾਨਕ ਮਾਰਕੀਟ ਕਮੇਟੀ ਦੇ ਸਕੱਤਰ ਵਜ਼ੀਰ ਸਿੰਘ ਤੂਰ ਨੇ ਕਿਹਾ ਕਿ ਮੱਕੀ ਦੀ ਸਰਕਾਰੀ ਖਰੀਦ ਨਹੀਂ ਹੁੰਦੀ। ਪ੍ਰਾਈਵੇਟ ਵਪਾਰੀ ਹੀ ਖਰੀਦ ਰਹੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਤੇ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹੇ ’ਚ ਪਿਛਲੇ ਸਾਲ 2126 ਹੈਕਟੇਅਰ ਰਕਬਾ ਸੀ ਅਤੇ ਚਾਲੂ ਸਾਲ ਵਿੱਚ ਤਕਰੀਬਨ 10 ਹਜ਼ਾਰ ਹੈਕਟੇਅਰ ਰਕਬਾ ਮੱਕੀ ਦੀ ਫ਼ਸਲ ਹੇਠ ਹੈ। ਉਨ੍ਹਾਂ ਕਿਹਾ ਕਿ ਮੱਕੀ ’ਚ ਨਮੀ ਕਾਰਨ ਮੰਡੀਕਰਨ ਦੀ ਸਮੱਸਿਆ ਆ ਰਹੀ ਹੈ। ਪਿਛਲੇ ਸਾਲ ਮੱਕੀ ਦੀ 2 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕਣ ਨਾਲ ਇਸ ਵਾਰ ਕਿਸਾਨਾਂ ਨੇ ਮੱਕੀ ਹੇਠਲਾ ਰਕਬਾ ਵਧਾ ਲਿਆ। ਕੇਂਦਰ ਸਰਕਾਰ ਵੱਲੋਂ ਮੱਕੀ ਦੀ ਫਸਲ ਦਾ ਸਮਰਥਨ ਮੁੱਲ 1850 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਮੰਡੀਆਂ ਵਿੱਚ 1000 ਤੋਂ 1300 ਰੁਪਏ ਪ੍ਰਤੀ ਕੁਇੰਟਲ ਮੱਕੀ ਵਿਕ ਰਹੀ ਹੈ।
ਇੱਥੇ ਅਨਾਜ ਮੰਡੀ ’ਚ ਮੱਕੀ ਲੈ ਕੇ ਆਏ ਕਿਸਾਨ ਵਰਿੰਦਰ ਸਿੰਘ ਰਾਜਾ ਪਿੰਡ ਖੁਖਰਾਣਾ ਨੇ ਕਿਹਾ ਕਿ ਪੰਜਾਬ ਦੀ ਹੱਬ ਵਜੋਂ ਜਾਣੀ ਜਾਂਦੀ ਜਗਰਾਉਂ ਮੰਡੀ ’ਚ ਮੱਕੀ ਦਾ ਖਰੀਦਦਾਰ ਨਹੀਂ ਲੱਭ ਰਿਹਾ। ਘੱਟ ਭਾਅ ਮਿਲਣ ਕਾਰਨ ਕਿਸਾਨ ਮਾਯੂਸ ਹਨ। ਮੱਕੀ ਦੀ ਫਸਲ ਤੋਂ ਮੁਰਗੀਆਂ ਦੀ ਫੀਡ ਤਿਆਰ ਕੀਤੀ ਜਾਂਦੀ ਹੈ ਪਰ ਕਰੋਨਾ ਕਾਰਨ ਪੋਲਟਰੀ ਫਾਰਮ ਖਾਲੀ ਹੋ ਗਏ ਅਤੇ ਲੋਕ ਇਸ ਧੰਦੇ ਨੂੰ ਛੱਡ ਗਏ।