ਖੇਤਰੀ ਪ੍ਰਤੀਨਿਧ
ਬਰਨਾਲਾ, 26 ਅਪਰੈਲ
ਸੰਤ ਰਾਮ ਉਦਾਸੀ ਯਾਦਗਾਰੀ ਕਮੇਟੀ ਵੱਲੋਂ ਇੱਥੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਹਾੜੇ ਨੂੰ ਸਮਰਪਤ ਸਾਹਿਤਕ ਸਮਾਗਮ ਕਰਵਾਇਆ ਗਿਆ। ਮੁੱਖ ਬੁਲਾਰੇ ਵਜੋਂ ਪਲਸ ਮੰਚ ਪ੍ਰਧਾਨ ਅਮੋਲਕ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਨਾਵਲਕਾਰ ਬਾਰੂ ਸਤਵਰਗ ਦਾ ਸਨਮਾਨ ਕੀਤਾ ਗਿਆ।
ਮੁੱਖ ਬੁਲਾਰੇ ਅਮੋਲਕ ਸਿੰਘ ਨੇ ਉਦਾਸੀ ਦੇ ਕਾਵਿ-ਸੰਸਾਰ ਅਤੇ ਅਡੋਲ ਜੀਵਨ ਸਫ਼ਰ ਦੇ ਹਵਾਲੇ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਵਿਤਾ, ਬੁਲੰਦ ਆਵਾਜ਼ ਤੇ ਸਾਜ਼ ਦਾ ਅਜਿਹਾ ਸੁਮੇਲ ਸੀ ਜੋ ਪਾਠਕਾਂ/ਸਰੋਤਿਆਂ ਨੂੰ ਨਰਕ ਭਰੀ ਜ਼ਿੰਦਗੀ ਤੋਂ ਨਿਜ਼ਾਤ ਪਾਉਣ ਲਈ ਪ੍ਰੇਰਦੀ ਅਤੇ ਵੰਗਾਰਦੀ ਹੋਈ ਅਜੋਕੇ ਸਮੇਂ ਹੋਰ ਵੀ ਪ੍ਰਸੰਗਕ ਹੋ ਰਹੀ ਹੈ।
ਅਮੋਲਕ ਸਿੰਘ ਨੇ ਕਿਹਾ ਕਿ ਉਦਾਸੀ ਦੀ ਕਲਮ ਨੇ ਹੌਕੇ ਤੋਂ ਹੋਕੇ ’ਚ ਬਦਲਣ ਦੇ ਵਿਚਾਰਾਂ ਦੀ ਖੇਤੀ ਕੀਤੀ। ਮਿੱਟੀ ’ਚੋਂ ਜਨਮੀ ਉਦਾਸੀ ਦੇ ਕਵਿਤਾ ਨੇ ਰਾਜ ਭਾਗ ਚਲਾ ਰਹੀਆਂ ਜਮਾਤਾਂ ਨੂੰ ਕੰਬਣੀ ਛੇੜੀ। ਸਮਾਗਮ ’ਚ ਨਾਵਲਕਾਰ ਅਤੇ ਕਰਾਂਤੀਕਾਰੀ ਸਭਿਆਚਾਰਕ ਕੇਂਦਰ ਦੇ ਪ੍ਰਧਾਨ ਬਾਰੂ ਸਤਵਰਗ ਦਾ ਸਨਮਾਨ ਕੀਤਾ ਗਿਆ। ਸ੍ਰੀ ਸਤਵਰਗ ਨੇ ਕਿਹਾ ਕਿ ਸੰਤ ਰਾਮ ਉਦਾਸੀ ਨੇ ਕਾਵਿ ਸਿਰਜਣਾ ਅਤੇ ਗਾਇਨ ਕਲਾ ਰਾਹੀਂ ਲੋਕ ਮਨਾਂ ’ਤੇ ਅਮਿਟ ਜਾਦੂ ਛੱਡਿਆ।