ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਅਗਸਤ
ਸਥਾਨਕ ਸੌ ਬੈੱਡ ਵਾਲਾ ਸਰਕਾਰੀ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਸੁਰੱਖਿਆ ਰੱਬ ਆਸਰੇ ਹੈ। ਇਥੇ ਜੱਚਾ ਬੱਚਾ ਵਾਰਡ ਸਣੇ 98 ਅੱਗ ਬੁਝਾਊ ਯੰਤਰਾਂ ਦੀ ਮਿਆਦ ਲੰਘ ਚੁੱਕੀ ਹੈ। ਇਥੇ ਸਿਵਲ ਹਸਪਤਾਲ ਵਿੱਚ ਸਿਵਲ ਸਰਜਨ ਦਫ਼ਤਰ ਤੇ ਹੋਰ ਸਰਕਾਰੀ ਡਾਕਟਰਾਂ ਤੇ ਮੁਲਾਜ਼ਮਾਂ ਦੇ ਰਿਹਾਇਸ਼ੀ ਕੁਆਰਟਰ ਵੀ ਹਨ।
ਇਸ ਸਬੰਧੀ ਸਿਹਤ ਵਿਭਾਗ ਦਾ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਅਤੇ ਇੱਕ ਦੂਸਰੇ ਦੇ ਪਾਲੇ ਵਿਚ ਗੇਂਦ ਸੁੱਟ ਰਹੇ ਹਨ। ਡੀਸੀ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪੜਤਾਲ ਕਰਵਾਉਣਗੇ ਜੇ ਅੱਗ ਬੁਝਾਊ ਯੰਤਰ ਦੀ ਮਿਆਦ ਲੰਘੀ ਹੈ ਤਾਂ ਇਹ ਬਹੁਤ ਵੱਡੀ ਅਣਗਹਿਲੀ ਹੈ। ਇਥੇ ਰੋਜ਼ਾਨਾ ਸੈਂਕੜੇ ਮਰੀਜ਼ ਓਪੀਡੀ ਵਿੱਚ ਆਉਂਦੇ ਹਨ ਅਤੇ ਵੱਡੀ ਗਿਣਤੀ ਵਿਚ ਮਰੀਜ਼ ਹਸਪਤਾਲ ਵਿਚ ਇਲਾਜ ਲਈ ਦਾਖਲ ਹੁੰਦੇ ਹਨ। ਸਿਵਲ ਹਸਪਤਾਲ ਦੇ ਐਮਰਜੈਂਸੀ, ਮਰਦ ਅਤੇ ਔਰਤ ਵਾਰਡਾਂ, ਸਿਵਲ ਸਰਜਨ, ਜ਼ਿਲ੍ਹਾ ਸਿਹਤ ਅਫਸਰ, ਡਿਪਟੀ ਮੈਡੀਕਲ ਕਮਿਸਨਰ ਅਤੇ ਜੱਚਾ-ਬੱਚਾ ਵਿਭਾਗ ਵੱਲੋਂ ਲਗਾਏ ਗਏ ਅੱਗ ਬੁਝਾਊ ਯੰਤਰਾਂ ਵਿਚੋਂ ਕੁਝ ਦੀ ਮਿਆਦ 2018 ਤੋਂ ਅਤੇ ਕੁਝ ਦੀ 2023 ਵਿਚ ਮਿਆਦ ਲੰਘ ਗਈ ਹੈ। ਸੂਤਰ ਦਸਦੇ ਹਨ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਹੁਣ ਕੋਈ ਵੀ ਇਹ ਕੰਮ ਕਰਨ ਲਈ ਤਿਆਰ ਨਹੀਂ ਹੈ। ਸਿਵਲ ਹਸਪਤਾਲ ਵਿੱਚ ਸਤੰਬਰ 2021 ਵਿੱਚ 50 ਬਿਸਤਰਿਆਂ ਵਾਲੇ ਜੱਚਾ-ਬੱਚਾ ਵਾਰਡ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਸੀ। ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਨਵੀਂ ਇਮਾਰਤ ਵਿੱਚ ਫਾਇਰ ਸੇਫਟੀ ਸਿਸਟਮ ਲਗਾਇਆ ਗਿਆ ਹੈ। ਪਰ ਇਸਦੀ ਕਦੇ ਵੀ ਜਾਂਚ ਨਹੀਂ ਕੀਤੀ ਗਈ। ਸਿਵਲ ਹਸਪਤਾਲ ਦੇ ਅਮਲੇ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਉੁਹ ਅੱਗ ਬੁਝਾਊ ਯੰਤਰਾਂ ਦੀ ਮਿਆਦ ਲੰਘਣ ਕਾਰਨ ਅਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਜੇ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਉਹ ਆਪਣਾ ਬਚਾਅ ਕਿਵੇਂ ਕਰਨਗੇ ਅਤੇ ਇੱਥੋਂ ਭੱਜਣ ਲਈ ਕੋਈ ਠੋਸ ਪ੍ਰਬੰਧ ਵੀ ਨਹੀਂ ਹਨ।