ਪੱਤਰ ਪੇ੍ਰਕ
ਅਜੀਤਵਾਲ, 6 ਦਸੰਬਰ
ਇਤਿਹਾਸਕ ਪਿੰਡ ਢੁੱਡੀਕੇ ਵਿੱਚ ਕੁਲਦੀਪ ਸਿੰਘ ਸੈਣੀ ਜੋ ਡਿਪਟੀ ਡੀ.ਈ.ਓ ਜ਼ਿਲਾ ਸਿੱਖਿਆ ਅਫਸਰ (ਐਲੀ.) ਲੁਧਿਆਣਾ ਸਨ, ਦੇ ਸਰਕਾਰ ਵੱਲੋਂ ਪ੍ਰਬੰਧਕੀ ਅਧਾਰ ਤੇ ਬ.ਪ.ਸ ਸ.ਸ.ਸ. ਸਕੂਲ ਢੁੱਡੀਕੇ ਵਿੱਚ ਬਤੌਰ ਪ੍ਰਿੰਸੀਪਲ ਆਰਡਰ ਕੀਤੇ ਗਏ ਹਨ। ਇਸ ਦਾ ਪਿੰਡ ਢੁੱਡੀਕੇ ਦੇ ਭਾਰਤੀ ਕਿਸਾਨ ਯੂਨੀਅਨ, ਗ੍ਰਾਮ ਪੰਚਾਇਤ, ਕ੍ਰਾਂਤੀਕਾਰੀ ਦੇਸ ਭਗਤ ਗਦਰੀ ਬਾਬੇ ਯਾਦਗਾਰ ਕਮੇਟੀ, ਸਕੂਲ ਮੈਨੇਜਮੈਂਟ ਕਮੇਟੀ, ਸਪੋਰਟਸ ਕਲੱਬਾਂ, ਅਧਿਆਪਕ ਦਲ ਡੀ.ਟੀ.ਐਫ, ਮਾਸਟਰ ਕਾਡਰ ਯੂਨੀਅਨ, ਲੈਕਚਰਾਰ ਯੂਨੀਅਨ ਅਤੇ ਸਕੂਲ ਦੇ ਸਟਾਫ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਪ੍ਰਿੰਸੀਪਲ ਨੂੰ ਜੁਆਇਨ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਅਧਿਆਪਕ ਜਾਥੇਬੰਦੀਆਂ ਨੇ ਭਾਰੀ ਵਿਰੋਧ ਕਰਕੇ ਰਿਸ਼ਵਤ, ਮਹਿਲਾ ਅਧਿਆਪਕਾਂ ਨਾਲ ਬਦਸਲੂਕੀ ਆਦਿ ਦੋਸ਼ਾਂ ਵਿੱਚ ਘਿਰੇ ਇਸ ਅਧਿਕਾਰੀ ਨੂੰ ਢੁੱਡੀਕੇ ਸਕੂਲ, ਜੋ ਕਿ ਇਲਾਕੇ ਵਿੱਚ ਵਧੀਆ ਸਕੂਲ ਹੈ, ਵਿੱਚ ਨਾ ਭੇਜਿਆ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਢੁੱਡੀਕੇ ਦੇ ਪ੍ਰਧਾਨ ਗੁਰਸ਼ਰਨ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ, ਸਾਬਕਾ ਸਰਪੰਚ ਜਗਦੀਸ ਸਿੰਘ ਗੈਰੀ, ਮਾਸਟਰ ਗੁਰਚਰਨ ਸਿੰਘ ਪ੍ਰਧਾਨ ਗਦਰੀ ਬਾਬੇ ਕਮੇਟੀ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ।