ਇਕਬਾਲ ਸਿੰਘ ਸ਼ਾਂਤ
ਲੰਬੀ, 20 ਨਵੰਬਰ
ਠੰਢ ਵਧਦੇ ਸਾਰ ਕਰੋਨਾ ਲਾਗ ਤੇਜ਼ ਹੋਣ ਲੱਗੀ ਹੈ। ਪਿੰਡ ਵੜਿੰਗਖੇੜਾ ਦੇ ਜਵਾਹਰ ਨਵੋਦਿਆ ਵਿਦਿਆਲਿਆ (ਜੇਐਨਵੀ) ’ਚ ਅੱਠਵੀਂ ਜਮਾਤ ਦੀ ਵਿਦਿਆਰਥਣ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਲੰਬੀ ਦੇ ਕਰਮਚਾਰੀ ਸਵਰਨ ਸਿੰਘ, ਬਲਕਾਰ ਸਿੰਘ ਅਤੇ ਪਵਨ ਕੁਮਾਰ ਨੇ ਜੇਐਨਵੀ ਕੈਂਪਸ ’ਚ 245 ਵਿਦਿਆਰਥੀਆਂ ਦੇ ਆਰਟੀਪੀਸੀਆਰ ਨਮੂਨੇ ਲਏ। ਜ਼ਿਕਰਯੋਗ ਹੈ ਕਿ ਇੱਥੇ ਕਰੀਬ ਪੰਜ ਸੌ ਵਿਦਿਆਰਥੀ ਪੜ੍ਹਦੇ ਹਨ। ਪਾਜ਼ੇਟਿਵ ਆਈ ਵਿਦਿਆਰਥਣ ਜੂਨੀਅਰ ਹੋਸਟਲ ’ਚ ਰਹਿੰਦੀ ਹੈ। ਉਸ ਨੂੰ ਪਿੰਡ ਮਿੱਡੂਖੇੜਾ ਵਿਚ ਉਸ ਦੇ ਘਰ ਵਿਚ ਇਕਾਂਤਵਾਸ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਬੀਤੀ 16 ਨਵੰਬਰ ਨੂੰ ਬੁਖ਼ਾਰ ਕਰ ਕੇ ਦੋ ਵਿਦਿਆਰਥਣਾਂ ਦਾ ਸਿਵਲ ਹਸਪਤਾਲ ਡੱਬਵਾਲੀ ਕਰੋਨਾ ਟੈਸਟ ’ਚ ਹੋਇਆ ਸੀ ਪਰਸੋਂ ਇੱਕ ਵਿਦਿਆਰਥਣ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਪ੍ਰਿੰਸੀਪਲ ਐਸਕੇ ਠਾਕੁਰ ਨੇ ਕਿਹਾ ਕਿ ਮਾਮਲਾ ਧਿਆਨ ’ਚ ਆਉਣ ’ਤੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ। ਵਿਦਿਆਰਥਣ ਨੂੰ ਉਸ ਦੇ ਘਰ ਏਕਾਂਤਵਾਸ ’ਚ ਕਰ ਦਿੱਤਾ ਗਿਆ ਹੈ। ਮੁੱਢਲੀ ਜਾਂਚ ’ਚ ਜੂਨੀਅਰ ਹੋਸਟਲ ਦੇ ਬਾਕੀ ਲਗਪਗ ਵੀਹ ਵਿਦਿਆਰਥੀ ਕਰੋਨਾ ਲੱਛਣਾਂ ਤੋਂ ਮੁਕਤ ਹਨ। ਅੱਜ 245 ਵਿਦਿਆਰਥੀਆਂ ਦੇ ਨਮੂਨੇ ਲਏ ਗਏ ਹਨ ਬਾਕੀ ਦੇ ਨਮੂਨੇ ਸੋਮਵਾਰ ਨੂੰ ਲਏ ਜਾਣਗੇ।
ਲੋਕਾਂ ਵੱਲੋਂ ਰੈਪਿਡ ਟੈਸਟ ਕਰਨ ਦੀ ਮੰਗ
ਕਰੋਨਾ ਮਹਾਮਾਰੀ ਨੇ ਸਾਰੀ ਦੁਨੀਆਂ ਨੂੰ ਦੋ ਸਾਲ ਝੰਬੀ ਰੱਖਿਆ। ਇਸ ਦੇ ਮੁੜ ਉਭਾਰ ਨੂੰ ਰੋਕਣ ਖ਼ਾਤਰ ਸਿਹਤ ਪ੍ਰਸ਼ਾਸਨ ਦੇ ਪ੍ਰਬੰਧ ਢਿੱਲੇ ਹਨ। ਜੇਐਨਵੀ ਵੜਿੰਗਖੇੜਾ ’ਚ ਅੱਜ ਸਿਹਤ ਟੀਮ ਨੇ 245 ਵਿਦਿਆਰਥੀਆਂ ਦੇ ਆਰਟੀਪੀਸੀਆਰ ਨਮੂਨੇ ਲਏ ਹਨ। ਇਹ ਭਲਕੇ ਐਤਵਾਰ ਦੀ ਛੁੱਟੀ ਕਰ ਕੇ ਸੋਮਵਾਰ ਨੂੰ ਫ਼ਰੀਦਕੋਟ ’ਚ ਲੈਬ ’ਚ ਭੇਜੇ ਜਾਣਗੇ। ਚਾਰ ਦਿਨ ਬਾਅਦ ਵੀਰਵਾਰ ਤੱਕ ਇਨ੍ਹਾਂ ਦੀ ਰਿਪੋਰਟ ਆਵੇਗੀ। ਵਿਭਾਗੀ ਸੂਤਰਾਂ ਮੁਤਾਬਕ ਸਕੂਲਾਂ ’ਚ ਆਰਟੀਪੀਆਰ ਟੈਸਟ ਦੇ ਨਿਰਦੇਸ਼ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਤਤਕਾਲ ਰਿਪੋਰਟ ਲਈ ਰੈਪਿਡ ਟੈਸਟ ਕੀਤੇ ਜਾਣ। ਪਾਜ਼ੇਟਿਵ ਆਉਣ ’ਤੇ ਪੁਖ਼ਤਗੀ ਲਈ ਆਰਟੀਪੀਸੀਆਰ ਪ੍ਰਕਿਰਿਆ ਵਰਤੀ ਜਾਵੇ।