ਪੱਤਰ ਪ੍ਰੇਰਕ
ਬਾਘਾ ਪੁਰਾਣਾ, 26 ਫਰਵਰੀ
ਸੰਯੁਕਤ ਸਮਾਜ ਮੋਰਚੇ ਦੇ ਕਨਵੀਨਰ ਬਲਵੀਰ ਸਿੰਘ ਰਾਜੇਵਾਲ ਨੇ ਅੱਜ ਇੱਥੇ ਕਿਹਾ ਕਿ ਸਮਾਜ ਦੇ ਵੱਡੇ ਹਿੱਸੇ ਦੇ ਹੱਕਾਂ ਉਪਰ 70 ਸਾਲਾਂ ਤੋਂ ਡਾਕਾ ਮਾਰਦੀਆਂ ਆ ਰਹੀਆਂ ਸੂਬੇ ਦੀਆਂ ਸਿਆਸੀ ਧਿਰਾਂ ਖ਼ਿਲਾਫ਼ ਲੱਕ ਬੰਨ੍ਹਵੀਂ ਲੜਾਈ ਦੀ ਲੋੜ ਨੂੰ ਮਹਿਸੂਸ ਕਰਦਿਆਂ ਸੰਯੁਕਤ ਸਮਾਜ ਮੋਰਚੇ ਦੇ ਬੈਨਰ ਹੇਠ ਹੋਂਦ ’ਚ ਆਈ ਸਿਆਸੀ ਧਿਰ ਨੇ ਇੱਕ ਅਜਿਹੀ ਪਹਿਲ ਕੀਤੀ ਹੈ, ਜੋ ਸਭ ਸਿਆਸੀ ਧਿਰਾਂ ਨੂੰ ਧੁਰ ਅੰਦਰ ਤੱਕ ਅਹਿਸਾਸ ਕਰਵਾਏਗੀ ਕਿ ਹੁਣ ਉਨ੍ਹਾਂ ਦੀਆਂ ਮਨਮਰਜ਼ੀਆਂ ਦੇ ਦਿਨ ਪੁੱਗਣ ਵਾਲੇ ਨਹੀਂ ਹਨ।
ਇੱਥੇ ਇੱਕ ਪੈਲੇਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜੇਵਾਲ ਨੇ ਆਖਿਆ ਕਿ 2022 ਦੇ ਚੋਣ ਮੈਦਾਨ ਵਿੱਚ ਸੰਯੁਕਤ ਸਮਾਜ ਮੋਰਚੇ ਦਾ ਪਹਿਲਾ ਕਦਮ ਹੈ, ਜੋ 2024 ਵਿੱਚ ਇੱਕ ਵੱਡੀ ਪੁਲਾਂਘ ਸਾਬਤ ਹੋਵੇਗਾ। ਉਨ੍ਹਾਂ ਮੋਰਚੇ ਦੇ ਬਾਘਾਪੁਰਾਣਾ ਹਲਕੇ ਤੋਂ ਉਮੀਦਵਾਰ ਭੋਲਾ ਸਿੰਘ ਬਰਾੜ ਵੱਲੋਂ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਸੀਟਾਂ ’ਤੇ ਮੋਰਚੇ ਦੇ ਉਮੀਦਵਾਰਾਂ ਦਾ ਵੱਡੇ ਸਿਆਸੀ ਆਗੂਆਂ ਨਾਲ ਸਿੱਧਾ ਅਤੇ ਤਿੱਖਾ ਮੁਕਾਬਲਾ ਰਿਹਾ ਹੈ।