ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 10 ਫਰਵਰੀ
ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਸੰਯੁਕਤ ਸਮਾਜ ਮੋਰਚੇ ਤੋਂ ਚੋਣ ਲੜ ਰਹੀ ਅਨੁਰੂਪ ਕੌਰ ਸੰਧੂ ਨੇ ਮੰਡੀ ਬਰੀਵਾਲਾ, ਤਖਤ ਮਲਾਣਾ, ਬਾਬਾ ਮਰਾੜ, ਵੱਟੂ, ਚੱਕ ਗਾਂਧਾ ਸਿੰਘ ਵਾਲਾ, ਮੋਤਲੇਵਾਲਾ ਪਿੰਡਾਂ ’ਚ ਡੌਰ-ਟੂ-ਡੌਰ ਪ੍ਰੋਗਰਾਮ ਕੀਤੇ| ਬਰੀਵਾਲਾ ਗੁਰਦੁਆਰੇ ਦੇ ਬਾਹਰ ਇਕ ਇਕੱਠ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਘਰ-ਘਰ ਵੋਟਾਂ ਮੰਗੀਆਂ ਅਤੇ 20 ਫਰਵਰੀ ਨੂੰ ਚੋਣ ਨਿਸ਼ਾਨ ਮੰਜੇ ਦਾ ਬਟਨ ਦਬਾ ਕੇੇ ਕਿਸਾਨਾਂ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਨੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਲੋਕਾਂ ਦੇ ਹਿੱਤਾ ਦੀ ਰਾਖੀ ਕੀਤੀ ਹੈ, ਫਿਰ ਭਾਵੇਂ ਉਹ ਕਿਰਸਾਨੀ ਮੁੱਦਾ ਹੋਵੇ ਜਾਂ ਛੋਟੇ ਕਾਰੋਬਾਰੀਆਂ ਦਾ। ਉਨ੍ਹਾਂ ਕਿਹਾ ਕਿ ਜੋ ਵੀ ਪੰਜਾਬ ’ਚ ਵਿਕਾਸ ਹੋਇਆ ਸੀ ਉਹ ਸਭ ਤੁਹਾਡੇ ਸਾਹਮਣੇ ਹੈ, ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਹਨ। ਜੇ ਇਥੇ ਸਹੀ ਰੁਜ਼ਗਾਰ ਹੋਵੇ ਤਾਂ ਵਿਛੋੜਾ ਕਿਸ ਨੂੰ ਚੰਗਾ ਲੱਗਦਾ ਹੈ। ਸਾਰੇ ਪੰਜਾਬ ਵਿੱਚ ਸਰਕਾਰੀ ਕਾਲਜ 47 ਹਨ, ਜਦਕਿ ਹਰਿਆਣਾ ਵਿਚ ਤਕਰੀਬਨ 200 ,ਜਦਕਿ ਹਰਿਆਣਾ ਆਕਾਰ ਵਿੱਚ ਪੰਜਾਬ ਤੋਂ ਛੋਟਾ ਹੈ। ਸ੍ਰੀ ਮੁਕਤਸਰ ਸਾਹਿਬ ਵਿਚੋਂ ਹੀ ਇਕ ਡੈਂਟਲ ਕਾਲਜ ਅਤੇ ਇਕ ਇੰਜਨੀਅਰਿੰਗ ਕਾਲਜ ਬੰਦ ਹੋ ਗਏ। ਬਲਕਿ ਆਈਲੈਟਸ ਸੰਸਥਾਵਾਂ ਦੀ ਗਿਣਤੀ 200 ਦੇ ਕਰੀਬ ਹੈ। ਅਕਾਲੀ ਦਲ, ਕਾਂਗਰਸ ਪਾਰਟੀ ਸੱਤਾ ’ਚ ਆਉਣ ਉਪਰੰਤ ਸ਼ਹਿਰ ਦੇ ਕਿਸੇ ਗਲੀ, ਮੁਹੱਲੇ ਵਿੱਚ ਧਿਆਨ ਨਹੀਂ ਦਿੱਤਾ ਜਾਂਦਾ| ਨਸ਼ੇ ਵੀ ਵਿਕਣਗੇ, ਰੁਜਗਾਰ ਵੀ ਨਹੀਂ ਹੋਣੇ, ਬਿੱਲ ਵੀ ਕਿਸੇ ਹੋਰ ਰੂਪ ਵਿਚ ਆ ਸਕਦੇ ਹਨ। ਜੇ ਕਿਸਾਨਾਂ ਨੂੰ ਵਿਧਾਨ ਸਭਾ ਵਿਚ ਭੇਜੋਗੇ ਤਾਂ ਹੀ ਤੁਹਾਡਾ ਭਵਿੱਖ ਸੁਧਰ ਸਕਦਾ ਹੈ।