ਪੱਤਰ ਪ੍ਰੇਰਕ
ਜ਼ੀਰਾ, 8 ਜੁਲਾਈ
ਇੱਥੇ ਅੱਜ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਨੇ ਜ਼ੀਰਾ ਵਿੱਚ ਆਪਣੀ ਸਵਾ ਦੋ ਏਕੜ ਜ਼ਮੀਨ ਵਿੱਚ ਵੱਖ- ਵੱਖ ਤਰ੍ਹਾਂ ਦੇ ਪੌਦੇ ਲਗਾਉਣ ਦਾ ਫ਼ੈਸਲਾ ਕੀਤਾ। ਇਸ ਕਾਰਜ ਦੀ ਸ਼ੁਰੂਆਤ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ , ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸਮਾਜ ਸੇਵੀ ਸੰਤ ਬਾਬਾ ਗੁਰਮੀਤ ਸਿੰਘ, ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਚੰਦਬਾਜਾ ਹਾਜ਼ਰ ਹੋਏ। ਜੰਗਲਾਤ ਵਿਭਾਗ ਦੇ ਅਫਸਰ ਅੰਮ੍ਰਿਤਪਾਲ ਸਿੰਘ, ਫਿਰੋਜ਼ਪੁਰ ਰੇਂਜ ਅਤੇ ਗੁਰਜੀਤ ਸਿੰਘ ਵਣ ਰੇਂਜ ਅਫਸਰ ਜ਼ੀਰਾ ਇਸ ਮੌਕੇ ਹਾਜ਼ਰ ਸਨ । ਇਸ ਮੌਕੇ ਸ੍ਰੀ ਸੰਧਵਾਂ ਵੱਲੋਂ ਪਹਿਲਾਂ ਇੱਕ ਤ੍ਰਿਵੈਣੀ ਲਗਾ ਕੇ ਇਸ ਰਸਮ ਦਾ ਉਦਘਾਟਨ ਕੀਤਾ ਅਤੇ ਇਸ ਉਪਰੰਤ ਵੱਖ- ਵੱਖ ਰਾਜਸੀ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਖੇਤ ਵਿੱਚ ਬੂਟੇ ਲਗਾਏ। ਵਿਧਾਇਕ ਨਰੇਸ਼ ਕਟਾਰੀਆ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਦੇ ਵੱਡੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਤੇ ਹਾਜ਼ਰ ਕਿਸਾਨਾਂ ਨੇ ਹੱਥ ਖੜੇ ਕਰਕੇ ਅਹਿਦ ਲਿਆ ਕਿ ਉਹ ਆਪਣੀਆਂ ਮੋਟਰਾਂ ’ਤੇ ਪੰਜ-ਪੰਜ ਬੂਟੇ ਲਗਾਉਣਗੇ ਹੀ ਨਹੀਂ ਬਲਕਿ ਉਨ੍ਹਾਂ ਨੂੰ ਪਾਲਣਗੇ ਅਤੇ ਵੱਡੇ ਵੀ ਕਰਨਗੇ।