ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਕਤੂਬਰ
ਇਥੋਂ ਦੇ ਸਰਕਾਰੀ ਰਣਬੀਰ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਸੰਗਰੂਰ ਜ਼ੋਨ ਦੇ ਚੱਲ ਰਹੇ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਦੂਜੇ ਦਿਨ ਲੁੱਡੀ, ਝੂਮਰ, ਭੰਡ ਅਤੇ ਨੁੱਕੜ ਨਾਟਕ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਦੌਰਾਨ ਬੇਹਤਰ ਕਲਾ ਦਾ ਪ੍ਰਦਰਸ਼ਨ ਕਰਕੇ ਵਾਹ ਵਾਹ ਖੱਟੀ। ਮੇਲੇ ਦੇ ਦੂਜੇ ਦਿਨ ਰਾਜੇਸ਼ ਸ਼ਰਮਾ ਉਪ ਮੰਡਲ ਮੈਜਿਸਟ੍ਰੇਟ ਦਿੜਬਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਡਾ. ਅਸ਼ਵਨੀ ਭੱਲਾ ਡਿਪਟੀ ਡਾਇਰੈਕਟਰ ਕਾਲਜ ਪੰਜਾਬ, ਡਾ. ਪਰਮਿੰਦਰ ਸਿੰਘ ਪ੍ਰਿੰਸੀਪਲ ਸਟੇਟ ਕਾਲਜ ਪਟਿਆਲਾ ਅਤੇ ਡਾ. ਨਿਰਮਲ ਜੌੜਾ ਐਸੋਸੀਏਟ ਡਾਇਰੈਕਟਰ ਪੀਆਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੇਲੇ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬੀ ਲੋਕ ਗਾਇਕ ਤੇ ਅਦਾਕਾਰ ਪੰਮੀ ਬਾਈ ਨੇ ਕਾਲਜ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨਾਲ ਜ਼ਸਨਜੀਤ ਗੋਸ਼ਾ, ਜੱਗੀ ਯੂਕੇ, ਜਸਵਿੰਦਰ ਸੁਨਾਮੀ ਅਤੇ ਜੋਗਾ ਸਿੰਘ ਸੇਖੋਂ ਮੌਜੂਦ ਸਨ। ਮੇਲੇ ਦੇ ਦੂਜੇ ਦਿਨ ਮੁਟਿਆਰਾਂ ਦਾ ਲੋਕ ਨਾਚ ਲੁੱਡੀ ਅਤੇ ਪੰਜਾਬੀ ਗੱਭਰੂਆਂ ਦਾ ਲੋਕ ਨਾਚ ਝੂਮਰ ਖਿੱਚ ਦਾ ਕੇਂਦਰ ਬਣੇ ਰਹੇ। ਨੁੱਕੜ ਨਾਟਕਾਂ ਦੀ ਪੇਸ਼ਕਾਰੀ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਭੰਡ ਦੀ ਪੇਸ਼ਕਾਰੀ ਦੌਰਾਨ ਕਲਾਕਾਰ ਵਿਦਿਆਰਥੀਆਂ ਨੇ ਦਰਸ਼ਕਾਂ ਦਾ ਖੂਬ ਮੰਨੋਰੰਜਨ ਕੀਤਾ।
ਇਸ ਤੋਂ ਇਲਾਵਾ ਪੱਛਮੀ ਸਾਜ਼ , ਪੱਛਮੀ ਗਾਇਨ, ਪੱਛਮੀ ਸਮੂਹ ਗਾਇਲ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਲਘੂ ਫਿਲਮ , ਰੰਗੋਲੀ, ਕਲੇਅ ਮਾਡਲਿੰਗ, ਮੌਕੇ ’ਤੇ ਚਿੱਤਰਕਾਰੀ, ਫੋਟੋਗ੍ਰਾਫ਼ੀ ਅਤੇ ਸ਼ਾਮ ਦੇ ਸੈਸ਼ਨ ਵਿਚ ਪੋਸਟਰ ਬਣਾਉਣ, ਕਾਰਟੂਨਿੰਗ, ਕੋਲਾਜ ਬਣਾਉਣ ਮੁਕਾਬਲੇ ਵੀ ਹੋਏ। ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋਫੈਸਰ ਸੁਖਬੀਰ ਸਿੰਘ ਅਤੇ ਯੂਥ ਕੋਆਰਡੀਨੇਟਰ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਗੀਤ ਗਜ਼ਲ, ਸਮੂਹ ਗਾਇਨ ਭਾਰਤੀ, ਕੁਇਜ਼, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਕੁਇਜ਼, ਨਾਲਾ ਬੁਣਨਾ ਅਤੇ ਛਿੱਕੂ ਬਣਾਉਣ ਵਿਚ ਪਹਿਲਾ ਸਥਾਨ, ਸਮੂਹ ਸ਼ਬਦ ਗਾਇਨ, ਕਢਾਈ, ਖਿੱਦੋ ਬਣਾਉਣ, ਪਰਾਂਦਾ ਬਣਾਉਣ ਅਤੇ ਇੰਨੂੰ ਬਣਾਉਣ ਵਿਚ ਦੂਜਾ ਸਥਾਨ ਅਤੇ ਸ਼ਾਸ਼ਤਰੀ ਸੰਗੀਤ ਗਾਇਨ, ਪੱਖੀ ਬਣਾਉਣਾ, ਟੋਕਰੀ ਬਣਾਉਣਾ ਅਤੇ ਪੀੜ੍ਹੀ ਬੁਣਨ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।