ਪਰਸ਼ੋਤਮ ਬੱਲੀ
ਬਰਨਾਲਾ, 9 ਅਗਸਤ
‘ਅੰਗਰੇਜ਼ੋ ਭਾਰਤ ਛੱਡੋ’ ਅੰਦੋਲਨ ਦੀ 79ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹੇ ਦੀਆਂ ਤਿੰਨ ਖੱਬੇਪੱਖੀ ਜਥੇਬੰਦੀਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਤੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਵੱਲੋਂ ਸਥਾਨਕ ਕਚਹਿਰੀ ਚੌਕ ਵਿੱਚ ਰੈਲੀ ਕਰਨ ਮਗਰੋਂ ਆਗੂਆਂ ਤੇ ਕਾਰਕੁਨਾਂ ਨੇ ਆਪਣੇ ਆਪ ਨੂੰ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ ਪਰ ਪੁਲੀਸ ਨੇ ਇਸ ਕਾਰਵਾਈ ਤੋਂ ਪਾਸਾ ਵੱਟ ਲਿਆ। ਰੈਲੀ ਦੀ ਪ੍ਰਧਾਨਗੀ ਮਾਨ ਸਿੰਘ ਗੁਰਮ, ਲਾਲ ਸਿੰਘ ਧਨੌਲਾ ਤੇ ਨਿਰੰਜਣ ਸਿੰਘ ਨੇ ਕੀਤੀ। ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਾਲ ਸਿੰਘ ਧਨੌਲਾ ਨੇ ਮੰਗ ਕੀਤੀ ਕਿ ਮਹਾਮਾਰੀ ਦੇ ਸਮੇਂ ਤੱਕ ਆਮਦਨ ਕਰ ਨਾ ਦੇਣ ਯੋਗ ਹਰ ਦੇਸ਼ ਵਾਸੀ ਨੂੰ 75 ਸੌ ਰੁਪਏ ਪ੍ਰਤੀ ਮਹੀਨਾ, ਪ੍ਰਤੀ ਜੀਅ 10 ਕਿਲੋ ਅਨਾਜ, 2 ਕਿਲੋ ਦਾਲ ਤੇ ਹੋਰ ਰਸੋਈ ਸਮੱਗਰੀ ਯਕੀਨੀ ਤੌਰ ’ਤੇ ਦਿੱਤੀ ਜਾਵੇ। ਮਾਈਕਰੋ ਫਾਈਨਾਂਸ ਕੰਪਨੀਆਂ ਦੇ ਪੀੜਤਾਂ ਨੂੰ ਵਿਆਜ ਤੋਂ ਰਾਹਤ ਦਿੱਤੀ ਜਾਵੇ।
ਸੀਟੂ ਦੇ ਸੂਬਾਈ ਆਗੂ ਸ਼ੇਰ ਸਿੰਘ ਫਰਵਾਹੀ ਨੇ ਮੋਦੀ ਸਰਕਾਰ ਵੱਲੋਂ ਮਜ਼ਦੂਰ ਪੱਖੀ ਕਾਨੂੰਨਾਂ ਨੂੰ ਰੱਦ ਕਰਨ ਦੀ ਨਿਖੇਧੀ ਕਰਦਿਆਂ ਮਜ਼ਦੂਰ ਹੱਕਾਂ ’ਤੇ ਡਾਕਾ ਦੱਸਿਆ। ਰੈਲੀ ਮਗਰੋਂ ਆਗੂ ਤੇ ਵਰਕਰ ਕਾਫਲੇ ਦੇ ਰੂਪ ’ਚ ਨਾਅਰੇਬਾਜ਼ੀ ਕਰਦਿਆਂ ਡੀ.ਸੀ. ਬਰਨਾਲਾ ਦੀ ਰਿਹਾਇਸ਼ ਵੱਲ ਗ੍ਰਿਫ਼ਤਾਰੀਆਂ ਲਈ ਵਧੇ ਪਰ ਪੁਲੀਸ ਨੇ ਬੀ.ਡੀ.ਪੀ.ਓ. ਦਫ਼ਤਰ ਅੱਗੇ ਬੈਰੀਕੇਡਿੰਗ ਕਰਕੇ ਕਾਫ਼ਲੇ ਨੂੰ ਰੋਕ ਲਿਆ। ਅਗਵਾਈ ਕਰ ਰਹੇ ਆਗੂਆਂ ਤੇ ਪੁਲੀਸ ਫੋਰਸ ਦਰਮਿਆਨ ਅੱਧਾ ਕੁ ਘੰਟਾ ਕਸ਼ਮਕਸ਼ ਵੀ ਹੋਈ ਪਰ ਪੁਲੀਸ ਨੇ ਗ੍ਰਿਫ਼ਤਾਰੀਆਂ ਤੋਂ ਪਾਸਾ ਵੱਟ ਲਿਆ।
ਫਰੀਦਕੋਟ (ਜਸਵੰਤ ਜੱਸ): ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ’ਤੇ ਅੱਜ ਇੱਥੇ ਬੱਸ ਸਟੈਂਡ ਵਿੱਚ ਮੁਲਾਜ਼ਮ, ਮਜ਼ਦੂਰ ਅਤੇ ਪੈਨਸ਼ਨਰ ਜਥੇਬੰਦੀਆਂ ਨੇ ਦੇਸ਼ ਵਿਆਪੀ ‘ਭਾਰਤ ਬਚਾਓ ਦਿਵਸ’ ਸਬੰਧੀ ਰੈਲੀ ਕੀਤੀ। ਰੈਲੀ ਨੂੰ ਹੜਤਾਲੀ ਦਫ਼ਤਰੀ ਮੁਲਾਜ਼ਮਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸੰਧੂ, ਮਗਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੀਨੀਅਰ ਆਗੂ ਕਾਮਰੇਡ ਪਵਨਪ੍ਰੀਤ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਤੇਜ ਸਿੰਘ ਹਰੀਨੌਂ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਸਲਾਹਕਾਰ ਬਲਦੇਵ ਸਿੰਘ ਸਹਿਦੇਵ ਅਤੇ ਸੂਬਾ ਸਕੱਤਰ ਅਸ਼ੋਕ ਕੌਸ਼ਲ, ਮੰਡੀ ਬੋਰਡ ਮੁਲਾਜ਼ਮਾਂ ਦੇ ਸੂਬਾ ਪ੍ਰਧਾਨ ਵੀਰ ਇੰਦਰਜੀਤ ਸਿੰਘ ਪੁਰੀ ਆਦਿ ਨੇ ਸੰਬੋਧਨ ਕੀਤਾ।
ਫਾਜ਼ਿਲਕਾ (ਪਰਮਜੀਤ ਸਿੰਘ): ਭਾਰਤ ਛੱਡੋ ਅੰਦੋਲਨ ਦੀ 78ਵੀਂ ਵਰ੍ਹੇਗੰਢ ਮੌਕੇ ਕੇਂਦਰੀ ਫੂਡ ਯੂਨੀਅਨ, ਸੀਟੂ, ਕੁਲ ਹਿੰਦ ਕਿਸਾਨ ਸਭਾ, ਕੁਲਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਇਜ਼ ਫੈਡਰੇਸ਼ਨ ਦੇ ਸਾਂਝੇ ਸੱਦੇ ‘ਤੇ ਜਨਤਕ ਜੱਥੇਬੰਦੀਆਂ ਦੇ ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਮੂਹਰੇ ਰੋਸ ਧਰਨਾ ਅਤੇ ਰੋਸ ਰੈਲੀ ਕੀਤੀ ਗਈ। ਇਸ ਸਤਿਆਗ੍ਰਹਿ ਧਰਨੇ ਅਤੇ ਰੈਲੀ ਦੀ ਪ੍ਰਧਾਨਗੀ ਸਾਥੀ ਹਰਨਾਮ ਸਿੰਘ, ਨੱਥਾ ਸਿੰਘ, ਸੁਰਿੰਦਰ ਕੰਬੋਜ ਆਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ।
ਕਿਸਾਨ ਮਾਰੂ ਆਰਡੀਨੈਂਸਾਂ ਖ਼ਿਲਾਫ਼ ਮੋਦੀ ਸਰਕਾਰ ਦੀ ਅਰਥੀ ਸਾੜੀ
ਮਾਨਸਾ (ਜੋਗਿੰਦਰ ਸਿੰਘ ਮਾਨ): ਸੀ.ਪੀ.ਆਈ (ਐੱਮ.ਐੱਲ) ਲਬਿਰੇਸ਼ਨ ਅਤੇ ਇਨਕਲਾਬੀ ਨੌਜਵਾਨ ਸਭਾ ਵੱਲੋਂ ਭਾਰਤ ਛੱਡੋ ਅੰਦੋਲਨ ਦੀ 78ਵੀਂ ਵਰ੍ਹੇਗੰਢ ਮੌਕੇ ਫਿਰਕੂ ਮੋਦੀ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਲਬਿਰੇਸ਼ਨ ਦੇ ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਕਾਰਪੋਰੇਟ ਭਜਾਓ,ਕਿਸਾਨ ਬਚਾਓ ਦੇ ਦੇਸ਼ ਵਿਆਪੀ ਨਾਅਰੇ ਤਹਿਤ ਅੰਗਰੇਜ਼ੋ ਭਾਰਤ ਛੱਡੋ ਦੀ ਵਰੇਗੰਢ ਮੌਕੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਮਾਨਸਾ ਅਤੇ ਕੋਟਧਰਮੂੰ ਵਿਖੇ ਮੋਦੀ ਸਰਕਾਰ ਵੱਲੋਂ ਲਿਆਂਦੇ ਕਿਸਾਨ ਮਾਰੂ ਆਰਡੀਨੈਂਸਾਂ ਖਿਲਾਫ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ ਤੇ ਬਾਬਾ ਬੂਝਾ ਸਿੰਘ ਭਵਨ ਤੋਂ ਲੈ ਕੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਚੌਕ ਤੱਕ ਰੋਸ ਮਾਰਚ ਕੀਤਾ ਗਿਆ।