ਹਰਦੀਪ ਸਿੰਘ
ਫਤਿਹਗੜ੍ਹ ਪੰਜਤੂਰ, 23 ਜਨਵਰੀ
ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਹੇਠ ਪੰਜਾਬ ਬਚਾਉ ਕਾਫ਼ਲਾ ਅੱਜ ਮੋਗਾ ਜ਼ਿਲ੍ਹਾ ਵਿੱਚ ਦਾਖ਼ਲ ਹੋਇਆ।
ਇਸ ਮੌਕੇ ਕਾਫ਼ਲੇ ਨੇ ਆਪਣੇ ਪਹਿਲੇ ਪੜਾਅ ਵਿੱਚ ਇੱਥੇ ਗੁਰਦੁਆਰਾ ਸਿੰਘ ਸਭਾ ਵਿੱਚ ਇੱਕ ਭਰਵਾ ਇਕੱਠ ਕੀਤਾ। ਇਸ ਮੌਕੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਲੋਕ ਮਾਨਸਿਕਤਾਂ ਬਦਲ ਗਈ ਹੈ ਅਤੇ ਇਖਲਾਕੀ ਤੌਰ ’ਤੇ ਇਹ ਲੋਕ ਅੰਦੋਲਨ ਜਿਤਿਆਂ ਜਾ ਚੁੱਕਾ ਹੈ। ਇਸ ਮੌਕੇ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਾਢੇ ਤਿੰਨ ਕਰੋੜ ਲੋਕਾਂ ਦੀ ਆਵਾਜ਼ ਬਣਨ ਲਈ ਪੰਜਾਬ ਬਚਾਓ ਕਾਫ਼ਲਾ ਤੁਹਾਡੇ ਵਿੱਚ ਲੈ ਕੇ ਆਏ ਹਾਂ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦੀ ਸੁੱਤੀ ਜਮੀਰ ਨੂੰ ਜਗਾਉਣ ਅਤੇ ਪੰਜਾਬ ਨੂੰ ਕਿਵੇਂ ਸੰਭਾਲੀਏ ਵੱਡੇ ਮੁੱਦੇ ਹਨ। ਉਨ੍ਹਾਂ ਕਿਹਾ ਕਿ ਗੰਧਲੀ ਸਿਆਸਤ ਨੂੰ ਛੱਡੇ ਬਿਨਾਂ ਪੰਜਾਬ ਨਹੀ ਬਚ ਸਕਦਾ ਹੈ। ਇਸ ਮੌਕੇ ਡਾ. ਮੇਘਾ ਸਿੰਘ, ਕੇਂਦਰੀ ਗੁਰਦੁਆਰਾ ਸਿੰਘ ਸਭਾ ਚੰਡੀਗੜ੍ਹ ਦੇ ਜਰਨਲ ਸਕੱਤਰ ਡਾਂ ਖੁਸ਼ਹਾਲ ਸਿੰਘ, ਕਿਰਨਜੀਤ ਕੌਰ ਝੁਨੀਰ ਮਜ਼ਦੂਰ ਖੁਦਕੁਸ਼ੀ ਪੀੜਤ ਕਮੇਟੀ, ਦਰਸ਼ਨ ਸਿੰਘ ਧਨੇਡਾ,ਚੰਨਣ ਸਿੰਘ ਮੱਟੂ ਨੇ ਵੀ ਸੰਬੋਧਨ ਕੀਤਾ।