ਪੱਤਰ ਪ੍ਰੇਰਕ
ਤਲਵੰਡੀ ਸਾਬੋ 9 ਸਤੰਬਰ
ਕਾਫੀ ਸਮਾਂ ਪਹਿਲਾਂ ਪਿੰਡ ਜਗ੍ਹਾ ਰਾਮ ਤੀਰਥ ਦੇ ਗਰੀਬਾਂ ਨੂੰ ਘਰ ਬਣਾਉਣ ਲਈ ਅਲਾਟ ਹੋਈ ਜਗ੍ਹਾ ਨਾ ਮਿਲਣ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਪ੍ਰਭਦਿਆਲ ਨੇ ਅੱਜ ਪਿੰਡ ਦਾ ਦੌਰਾ ਕਰਕੇ ਜਾਇਜ਼ਾ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸੰਨ 1978 ਵਿੱਚ ਉਸ ਸਮੇਂ ਦੀ ਪੰਚਾਇਤ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਛੱਪੜ ਵਾਲੀ 53 ਕਨਾਲ 15 ਮਰਲੇ ਜ਼ਮੀਨ ਪਿੰਡ ਦੇ 78 ਗਰੀਬ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਉਨ੍ਹਾਂ ਦੇ ਨਾਮ ਅਲਾਟ ਕਰ ਦਿੱਤੀ ਸੀ। ਲੇਕਿਨ ਅੱਜ ਤੱਕ ਵੀ ਉਹ ਅਲਾਟ ਕੀਤੀ ਜਗ੍ਹਾ ਉਕਤ ਪਿੰਡ ਦੇ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਹੱਈਆ ਨਹੀਂ ਕਰਵਾਈ ਗਈ, ਜਿਸ ਨੂੰ ਲੈ ਕੇ ਪਿੰਡ ਵਾਸੀ ਜੋਗਿੰਦਰ ਸਿੰਘ ਮੈਂਬਰ ਜ਼ਿਲ੍ਹਾ ਪਰਿਸ਼ਦ ਨੇ ਬੀਤੇ ਦਿਨੀਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਨਾਮ ਇੱਕ ਪੱਤਰ ਲਿਖ ਕੇ ਉਕਤ ਅਲਾਟ ਕੀਤੀ ਜ਼ਮੀਨ ਗ਼ਰੀਬਾਂ ਨੂੰ ਦਿੱਤੇ ਜਾਣ ਸਬੰਧੀ ਅਪੀਲ ਕੀਤੀ ਸੀ, ਜਿਸ ਨੂੰ ਲੈ ਕੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਪ੍ਰਭਦਿਆਲ ਨੇ ਪਿੰਡ ਜਗ੍ਹਾ ਰਾਮ ਤੀਰਥ ਦਾ ਦੌਰਾ ਕਰਕੇ ਪਿੰਡ ਵਾਸੀਆਂ ਕੋਲੋਂ ਇਸ ਅਲਾਟ ਕੀਤੀ ਜ਼ਮੀਨ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।