ਪੱਤਰ ਪ੍ਰੇਰਕ
ਸਮਾਲਸਰ, 21 ਅਪਰੈਲ
ਕੇਵਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਕਲਾਂ ਦੇ ਸਕੂਲ ਦਾ ਪੰਜਾਬੀ ਅਧਿਆਪਕ ਦੂਜੇ ਸਟਾਫ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਨ ਕਰਦਾ ਹੈ। ਪੁਲੀਸ ਥਾਣਾ ਸਮਾਲਸਰ ਨੂੰ ਸੇਖਾ ਕਲਾਂ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਨੇ ਅਧਿਆਪਕਾਂ ਦੇ ਦਸਤਖਤਾਂ ਹੇਠ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਇਸ ਸਕੂਲ ’ਚ ਪੰਜਾਬੀ ਅਧਿਆਪਕ (ਗੁਲਸ਼ਨ ਰਾਜ) ਦੀ ਬੋਲੀ ਸੱਭਿਅਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਅਧਿਆਪਕ ਦੂਜੇ ਅਧਿਆਪਕਾਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਨ ਕਰਦਾ ਹੈ। ਇਹ ਅਧਿਆਪਕ ਬੱਚਿਆਂ ਨੂੰ ਵੀ ਜਾਤੀ ਸੂਚਕ ਸ਼ਬਦਾਂ ਨਾਲ ਬੁਲਾਉਂਦਾ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਦਾ ਬੱਚਿਆਂ ’ਤੇ ਮਾੜਾ ਅਸਰ ਪੈ ਰਿਹਾ ਹੈ। ਪਿੰਡ ਦੇ ਸਮਾਜ ਸੇਵੀ ਡਾ. ਰਾਜ ਦੁਲਾਰ ਨੇ ਇਸ ਅਧਿਆਪਕ ਖ਼ਿਲਾਫ਼ ਪੁਲੀਸ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਚ ਅਧਿਆਕਾਰੀਆਂ ਨੂੰ ਭੇਜੀ ਸ਼ਿਕਾਇਤ ’ਚ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਅਧਿਆਪਕ ਨੇ ਇਕ ਬੱਚੇ ਨੂੰ ਘਰੋਂ ਸਕੂਲ ਦਾ ਕੰਮ ਨਾ ਕਰਨ ’ਤੇ ਬਹੁਤ ਕੁੱਟਿਆ ਸੀ ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ। ਇਸ ਅਧਿਆਪਕ ਨੇ ਉੱਚ ਸਿੱਖਿਆ ਅਧਿਆਕਾਰੀਆਂ ਕੋਲ ਪਹੁੰਚ ਕਰਕੇ ਮਾਮਲੇ ਨੂੰ ਰੋਕ ਲਿਆ ਸੀ। ਪ੍ਰਿੰਸੀਪਲ ਨੇ ਦੱਸਿਆ ਕਿ ਸਟਾਫ ਨੇ ਸਿੱਖਿਆ ਬੋਰਡ ਦੇ ਉੱਚ ਅਧਿਆਕਾਰੀਆਂ ਨੂੰ ਇਸ ਅਧਿਆਪਕ ਖ਼ਿਲਾਫ਼ ਜਾਂਚ ਲਈ ਲਿਖਿਆ ਹੈ।
ਸੇਖਾ ਕਲਾਂ ਸਕੂਲ ਦੇ ਪੰਜਾਬੀ ਅਧਿਆਪਕ ਗੁਲਸ਼ਨ ਰਾਜ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਅਧਿਆਪਕ ਜਾਂ ਵਿਦਿਆਰਥੀ ਨੂੰ ਜਾਤੀ ਸੂਚਕ ਸ਼ਬਦ ਜਾਂ ਭੱਦੀ ਸ਼ਬਦਾਵਲੀ ਨਾਲ ਸੰਬੋਧਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਸ ਉੱਪਰ ਲਾਏ ਗਏ ਦੋਸ਼ ਬੇ-ਬੁਨਿਆਦ ਹਨ।