ਪੱਤਰ ਪ੍ਰੇਰਕ
ਮਾਨਸਾ, 16 ਜੁਲਾਈ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਲਕੇ ਸੋਮਵਾਰ 17 ਜੁਲਾਈ ਤੋਂ ਪੰਜਾਬ ਦੇ ਸਾਰੇ ਸਕੂਲ ਆਮ ਵਾਂਗ ਖੋਲ੍ਹਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਵੱਲ੍ਹੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੰਚਾਇਤ, ਸਿੱਖਿਆ, ਸਥਾਨਕ ਸਰਕਾਰ, ਸਿੰਜਾਈ, ਲੋਕ ਨਿਰਮਾਣ ਤੇ ਜਾਂ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਕਰ ਕੇ ਇਹ ਯਕੀਨੀ ਬਣਾਉਣਗੇ ਕਿ ਸਰਕਾਰੀ/ ਏਡਿਡ/ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਬੱਚਿਆਂ ਦੀ ਸੁਰੱਖਿਆ ਪੱਖੋਂ ਖ਼ਤਰੇ ਤੋਂ ਰਹਿਤ ਹਨ।
ਸਾਰੇ ਸਕੂਲਾਂ ਦੇ ਮੁਖੀ ਅਤੇ ਪ੍ਰਬੰਧਕ ਕਮੇਟੀਆਂ ਨੂੰ ਵੀ ਹਦਾਇਤਾਂ ਹਨ ਕਿ ਉਹ ਆਪਣੇ ਪੱਧਰ ’ਤੇ ਅੱਜ ਹੀ ਇਹ ਯਕੀਨੀ ਬਣਾਉਣ ਕਿ ਸਕੂਲ ਇਮਾਰਤਾਂ ਵਿਦਿਆਰਥੀਆਂ ਵਾਸਤੇ ਸੁਰੱਖਿਆ ਹਨ ਅਤੇ ਉਹ ਹੀ ਵਿਦਿਆਰਥੀਆਂ ਦੀ ਹਰ ਕਿਸਮ ਦੀ ਸੁਰੱਖਿਆ ਬਾਰੇ ਜ਼ਿੰਮੇਵਾਰ ਹੋਣਗੀਆਂ।
ਜੇ ਕਿਸੇ ਸਕੂਲ ਜਾਂ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਹੈ ਜਾਂ ਕਿਸੇ ਸਕੂਲ ਦੀ ਇਮਾਰਤ ਨੁਕਸਾਨੀ ਗਈ ਹੋਵੇ ਤਾਂ ਸਿਰਫ਼ ਉਨ੍ਹਾਂ ਹੀ ਸਕੂਲਾਂ ਵਿੱਚ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਉੱਥੇ ਛੁੱਟੀ ਐਲਾਨਣਗੇ।
ਉਧਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਹਰਿੰਦਰ ਸਿੰਘ ਭੁੱਲਰ, ਡੀਈਓ (ਐ.ਸਿ.) ਰੂਬੀ ਬਾਂਸਲ ਨੇ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਤ ਸਕੂਲਾਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜਿਸ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਨੂੰ ਵੀ ਲੋੜੀਂਦੇ ਨਿਰਦੇਸ਼ ਦਿੱਤੇ ਜਾ ਰਹੇ ਹਨ, ਤਾਂ ਕਿ ਵਿਦਿਆਰਥੀਆਂ ਸੁਖਾਵੇਂ ਮਾਹੌਲ ’ਚ ਸਕੂਲਾਂ ਵਿੱਚ ਆ ਸਕਣ।