ਪਰਮਜੀਤ ਸਿੰਘ
ਫਾਜ਼ਿਲਕਾ, 7 ਦਸੰਬਰ
ਇਥੇ ਫਾਜ਼ਿਲਕਾ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਅੱਜ ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿੱਚ ਇਕਠੇ ਹੋ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਮੀਟਿੰਗ ਕੀਤੀ ਗਈ ਅਤੇ ਇਸ ਤੋਂ ਬਾਅਦ ਸਮੂਹ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅੰਦਰ 8 ਦਸੰਬਰ ਦੇ ਬੰਦ ਸਬੰਧੀ ਜਾਣਕਾਰੀ ਦਿੱਤੀ ਗਈ। ਆਗੂਆਂ ਨੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਤੇ ਬੰਦ ਦੀ ਹਮਾਇਤ ਕੀਤੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਜ਼ਿਲ੍ਹਾ ਮਾਨਸਾ ਪ੍ਰਾਈਵੇਟ ਬੱਸ ਅਪਰੇਟਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਤੇਜਾ ਸਿੰਘ ਪੱਖੋ ਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਨੇ 8 ਦਸੰਬਰ ਨੂੰ ਸਾਰੇ ਜ਼ਿਲ੍ਹੇ ਵਿੱਚ ਬੱਸ ਸੇਵਾ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਸ੍ਰੀ ਮੁਕਤਸਰ ਸਾਹਿਬ(ਗੁਰਸੇਵਕ ਸਿੰਘ ਪ੍ਰੀਤ): ਡੀਸੀ ਦਫਤਰ ਕਰਮਚਾਰੀ ਯੂਨੀਅਨ ਨੇ ਕਿਸਾਨਾਂ ਵੱਲੋਂ ਦਿੱਤੇ ਭਾਰਤ ਬੰਦ ਸੱਦੇ ਦਾ ਸਮਰਥਨ ਕਰਦਿਆਂ ਭਲਕੇ ਸਮੂਹਿਕ ਛੁੱਟੀ ਲੈ ਕੇ ਦਫਤਰੀ ਕੰਮਕਾਜ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਢੋਸੀਵਾਲ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ। ਇਸੇ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਨੇ ਦੱਸਿਆ ਕਿ ਮੁਕਤਸਰ ਖੇਤਰ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਇਸੇ ਤਰ੍ਹਾਂ ਪੰਜਾਬ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਦੇ ਮਾਰਕੀਟ ਕਮੇਟੀ ਕਰਮਚਾਰੀ ਇਕ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰਨਗੇ।
ਮਾਨਸਾ(ਹਰਦੀਪ ਸਿੰਘ ਜਟਾਣਾ): ਐਫੀਲੀਏਟਿਡ , ਮਾਨਤਾ ਪ੍ਰਾਪਤ ਅਤੇ ਗੈਰ-ਮਾਨਤਾ ਪ੍ਰਾਪਤ ਸਕੂਲਾਂ ਦੀ ਜਥੇਬੰਦੀ ਵੱਲੋਂ ਇੱਕ ਹੰਗਾਮੀ ਮੀਟਿੰਗ ਦੌਰਾਨ ਅੱਠ ਦਸੰਬਰ ਦੇ ਭਾਰਤ ਬੰਦ ਦੇ ਸਮਰਥਨ ਦੌਰਾਨ ਜ਼ਿਲ੍ਹੇ ਦੇ ਸਮੂਹ ਨਿੱਜੀ ਸਕੂਲ ਪੂਰਨ ਰੂਪ ਵਿੱਚ ਬੰਦ ਰਹਿਣਗੇ।
ਭੀਖੀ(ਕਰਨ ਭੀਖੀ): ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਫੋਨ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ 8 ਦਸੰਬਰ ਦੇ ਸੱਦੇ ਵਿੱਚ ਖੁੱਲ੍ਹ ਕੇ ਸ਼ਾਂਤਮਈ ਬੰਦ ਸਮਰਥਨ ਵਿੱਚ ਕਿਸਾਨਾਂ ਦਾ ਮੋਢੇ ਨਾਲ ਮੋਢੇ ਜੋੜ ਕੇ ਸਾਥ ਦੇਣਗੇ।
ਬੁਢਲਾਡਾ(ਐੱਨ ਪੀ ਸਿੰਘ): ਇੱਥੇ ਅੱਜ ਸੋਸ਼ਲਿਸਟ ਯੂਨਿਟੀ ਆਫ ਇੰਡੀਆ ਕਮਿਊਨਿਸਟ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜੱਥੇਬੰਦੀ ਵੱਲੋਂ 8 ਦਸੰਬਰ ਦੇ ਭਾਰਤ ਬੰਦ ਨੂੰ ਪੂਰਨ ਹਮਾਇਤ ਹੈ। ਇਸੇ ਤਰ੍ਹਾਂ ਅੱਜ ਇੱਥੋਂ ਦੀ ਬਾਰ ਐਸੋਸੀਏਸ਼ਨ ਵੱਲੋਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ਤਹਿਤ ਮੁਕੰਮਲ ਕੰਮ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ।
ਗਿੱਦੜਬਾਹਾ(ਦਵਿੰਦਰ ਮੋਹਨ ਬੇਦੀ): ਪਾਵਰਕੌਮ ਡਿਵੀਜ਼ਨ ਗਿੱਦੜਬਾਹਾ ਦੇ ਰਿਟਾਇਰਡ ਮੁਲਾਜ਼ਮਾਂ ਦੀ ਜਥੇਬੰਦੀ ਰਿਟਾਇਰ ਐਸੋਸੀਏਸ਼ਨ ਵੱਲੋਂ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਦਾ ਫ਼ੈਸਲਾ ਕੀਤਾ। ਇਸ ਮੌਕੇ ਹਰਚੰਦ ਸਿੰਘ ਸਮੇਤ ਹੋਰ ਆਗੂਆਂ ਨੇ ਕਿਸਾਨ ਭਾਈਚਾਰੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਫ਼ਰੀਦਕੋਟ(ਜਸਵੰਤ ਜੱਸ): ਮਗਨਰੇਗਾ ਮਜ਼ਦੂਰਾਂ ਅਤੇ ਮੈਡੀਕਲ ਲੈਬ ਟਕਨੀਸ਼ਨਾਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤ ਬੰਦ ਦਾ ਪੂਰਨ ਸਮਰਥਨ ਕੀਤਾ ਹੈ। ਮਗਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਵੱਖ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਪਿੰਡਾਂ ਦੇ ਮਜ਼ਦੂਰਾਂ ਨੂੰ ਕਿਸਾਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਮੈਡੀਕਲ ਲੈਬ ਟਕਨੀਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ 8 ਦਸੰਬਰ ਨੂੰ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ।
ਸਿਰਸਾ(ਪ੍ਰਭੂ ਦਿਆਲ): ਭਾਰਤ ਬੰਦ ਦੇ ਸੱਦੇ ਨੂੰ ਕਿਸਾਨਾਂ ਤੋਂ ਇਲਾਵਾ ਵਪਾਰੀਆਂ ਤੇ ਕਰਮਚਾਰੀਆਂ ਵੱਲੋਂ ਵੀ ਬੰਦ ਨੂੰ ਹਮਾਇਤ ਦਾ ਐਲਾਨ ਕੀਤਾ ਗਿਆ ਹੈ।
ਤਪਾ ਮੰਡੀ(ਸੀ. ਮਾਰਕੰਡਾ): ਵਪਾਰ ਮੰਡਲ ਤਪਾ ਦੇ ਪ੍ਰਧਾਨ ਦੀਪਕ ਬਾਂਸਲ ਨੇ ਸਮੁੱਚੇ ਵਪਾਰੀ ਵਰਗ ਨੂੰ ਅਪੀਲ ਕੀਤੀ ਹੈ ਕਿ 8 ਦਸੰਬਰ ਨੂੰ ਆਪਣੇ ਸਾਰੇ ਕਾਰੋਬਾਰ ਅਤੇ ਅਦਾਰੇ ਬੰਦ ਰੱਖੇ ਜਾਣ।
ਬਰੇਟਾ(ਸੱਤ ਪ੍ਰਕਾਸ਼ ਸਿੰਗਲਾ): ਕਿਸਾਨੀ ਸੰਘਰਸ਼ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਦਾ ਰੇਲਵੇ ਦੀ ਪਾਰਕਿੰਗ ਵਿੱਚ ਧਰਨਾ ਜਾਰੀ ਹੈ। ਪੰਪ ਦੇ ਧਰਨੇ ਤੋਂ ਉਗਰਾਹਾਂ ਗਰੁੱਪ ਵੱਲ਼ੋ ਮੁਜ਼ਾਹਰਾ ਕੱਢ ਕੇ 8 ਦੇ ਬੰਦ ਦੇ ਸੱਦੇ ਦੀ ਅਪੀਲ ਕੀਤੀ ਗਈ।
ਮੰਡੀ ਲੱਖੇਵਾਲੀ (ਜਸਪ੍ਰੀਤ ਸੇਖੋਂ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ , ਜਮਹੂਰੀ ਕਿਸਾਨ ਸਭ ਅਤੇ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੰਦੋਲਨ ਦੇ ਹੱਕ ਵਿੱਚ ਬੰਦ ਦੇ ਸੱਦੇ ਲਈ ਅਨਾਊਂਸਮੈਂਟ ਕਰਨ ਲਈ ਜਥੇ ਤੋਰੇ ਗਏ।
ਸਕੂਲ, ਕਾਲਜ, ਪੈਟਰੋਲ ਪੰਪ ਤੇ ਵਪਾਰਕ ਅਦਾਰੇ ਬੰਦ ਰੱਖਣ ਦਾ ਐਲਾਨ
ਕੋਟਕਪੂਰਾ (ਟ੍ਰਿਬਿਊਨ ਨਿਊਜ ਸਰਵਿਸ): ਇਥੇ ਜ਼ਿਲ੍ਹਾ ਫ਼ਰੀਦਕੋਟ ਦੇ ਵਪਾਰ ਮੰਡਲ ਕੋਟਕਪੂਰਾ ਦੇ ਪ੍ਰਧਾਨ ਸ੍ਰੀ ਓਮਕਾਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ ਉਹ ਭਲਕੇ ਵਪਾਰੀ ਹੜਤਾਲ ਵਿੱਚ ਸ਼ਾਮਲ ਹੋਣਗੇ ਤੇ ਆਪੋ-ਆਪਣੇ ਕਾਰੋਬਾਰ ਠੱਪ ਰੱਖਣਗੇ। ਸੀਬੀਐੱਸਈ ਐਫ਼ੀਲੀਏਸ਼ਨ ਸਕੂਲ ਐਸੋਸੀਏਸ਼ਨ ਅਤੇ ਰੀਕੋਨਾਈਡ ਐਫ਼ੀਲੀਏਸ਼ਨ ਐਂਡ ਸਕੂਲ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਜਗਦੀਸ਼ ਸ਼ਰਮਾ ਨੇ ਨਿੱਜੀ ਸਕੂਲ ਬੰਦ ਕਰਕੇ ਹੜਤਾਲ ਵਿਚ ਸ਼ਾਮਲ ਹੋਣ ਦੀ ਹਮਾਇਤ ਕੀਤੀ।